ਗੁਰਦਾਸਪੁਰ: ਅਨਲੌਕ ਦੇ ਚੌਥੇ ਪੜਾਅ 'ਚ ਕੇਂਦਰ ਸਰਕਾਰ ਨੇ ਬਹੁਤ ਸਾਰੇ ਅਦਾਰਿਆਂ ਵਿੱਚ ਢਿੱਲਾਂ ਦੇ ਦਿੱਤੀਆਂ ਹਨ। ਉੱਥੇ ਹੀ ਕੇਂਦਰ ਨੇ ਹਾਲੇ ਤੱਕ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਨਹੀਂ ਦਿੱਤੀ ਪਰ ਇਸ ਦੇ ਬਾਵਜੂਦ ਕੁਝ ਲੋਕ ਕੋਰੋਨਾ ਦੀ ਪਰਵਾਹ ਨਾ ਕਰਦੇ ਹੋਏ ਸ਼ਰੇਆਮ ਸਕੂਲ ਖੋਲ੍ਹ ਕੇ ਬੱਚਿਆਂ ਨੂੰ ਪੜ੍ਹਾ ਰਹੇ ਹਨ।
ਅਜਿਹਾ ਹੀ ਤਾਜ਼ਾ ਮਾਮਲਾ ਬਟਾਲਾ ਦੇ ਇੱਕ ਨਿੱਜੀ ਸਕੂਲ ਦਾ ਸਾਹਮਣੇ ਆਇਆ ਹੈ ਜਿੱਥੇ ਇਹ ਨਿੱਜੀ ਸਕੂਲ ਪਿਛਲੇ 2 ਦਿਨ ਤੋਂ ਬੱਚਿਆਂ ਦੇ ਪੇਪਰ ਲੈ ਰਿਹਾ ਹੈ। ਬੱਚੇ ਵੀ ਬਹੁਤ ਛੋਟੇ ਹਨ। ਸਕੂਲ ਵੱਲੋਂ ਯੂ.ਕੇ.ਜੀ ਅਤੇ ਐਲ.ਕੇ.ਜੀ ਕਲਾਸ ਦੇ ਬੱਚਿਆਂ ਨੂੰ ਪੇਪਰ ਦੇਣ ਲਈ ਮਜਬੂਰਨ ਬੁਲਾਇਆ ਗਿਆ ਸੀ।
ਜਦੋਂ ਮੀਡਿਆ ਦੀ ਟੀਮ ਸਕੂਲ ਵਿੱਚ ਪਹੁੰਚੀ ਤਾਂ ਜਿਆਦਾਤਰ ਸਟਾਫ ਸਕੂਲ ਛੱਡ ਦੌੜ ਗਿਆ। ਬਟਾਲਾ ਦੇ ਇਸ ਸਕੂਲ 'ਚ ਪਹੁੰਚੇ ਛੋਟੇ ਬੱਚਿਆ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਵੱਲੋਂ ਮੈਸੇਜ ਗਿਆ ਸੀ ਕਿ ਆਪਣੇ ਬੱਚਿਆਂ ਨੂੰ ਪਰੀਖਿਆ ਲਈ ਭੇਜਿਆ ਜਾਵੇ। ਇਸ ਲਈ ਮਜਬੂਰਨ ਉਹ ਆਪਣੇ ਬੱਚਿਆਂ ਨੂੰ ਪਰੀਖਿਆ ਲਈ ਸਕੂਲ ਲੈ ਕੇ ਆਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਹੁਤ ਖ਼ਤਰਾ ਹੈ ਪਰ ਕੀ ਕਰੀਏ ਸਕੂਲ ਪ੍ਰਸ਼ਾਸਨ ਵੱਲੋਂ ਮਜਬੂਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਫੀਸਾਂ ਲੈਣ ਲਈ ਸਕੂਲ ਪ੍ਰਬੰਧਕ ਉਨ੍ਹਾਂ ਨੂੰ ਮਜਬੂਰ ਕਰ ਰਿਹਾ ਹੈ।
ਜਦੋਂ ਇਸ ਸੰਬੰਧ ਵਿੱਚ ਸਕੂਲ ਦੀ ਪ੍ਰਿੰਸੀਪਲ ਰਿਧਿਮਾ ਮਹਾਜਨ ਤੋਂ ਸਕੂਲ ਖੋਲ੍ਹਣ ਤੇ ਛੋਟੇ ਬੱਚਿਆ ਨੂੰ ਸਕੂਲ 'ਚ ਬੁਲਾਏ ਜਾਣ ਬਾਰੇ ਪੁੱਛਿਆ ਗਿਆ ਉਨ੍ਹਾਂ ਇਹ ਮੰਨਿਆ ਕਿ ਉਨ੍ਹਾਂ ਬੱਚੇ ਸਕੂਲ ਬੁਲਾਏ ਹਨ। ਪ੍ਰਿੰਸੀਪਲ ਨੇ ਅੱਗੇ ਕਿਹਾ ਕਿ ਜਿਨ੍ਹਾਂ ਦੇ ਕੋਲ ਆਨਲਾਈਨ ਪੜਾਈ ਲਈ ਫੋਨ ਨਹੀਂ ਹੈ, ਉਨ੍ਹਾਂ ਬੱਚਿਆਂ ਦੇ ਮਾਂ-ਬਾਪ ਦੇ ਕਹਿਣ ਉੱਤੇ ਹੀ ਬੱਚਿਆਂ ਨੂੰ ਸਕੂਲ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਫੀਸ ਮੰਗਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਫੀਸ ਮੰਗਣ ਵਾਲੀ ਇਸ 'ਚ ਕੋਈ ਗੱਲ ਨਹੀਂ ਹੈ।