ਗੁਰਦਾਸਪੁਰ : ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਹਾਰ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਅੱਜ ਪਹਿਲੀ ਵਾਰ ਪਠਾਨਕੋਟ ਪੁੱਜੇ ਜਿੱਥੇ ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਜਿਹੜੇ ਕੰਮ ਹਲਕੇ ਵਿੱਚ ਸ਼ੁਰੂ ਕੀਤੇ ਗਏ ਸਨ ਉਹ ਜ਼ਰੂਰ ਪੂਰੇ ਕੀਤੇ ਜਾਣਗੇ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮਦਦ ਦੇ ਨਾਲ ਇਹ ਸਾਰੇ ਕੰਮ ਪੂਰੇ ਹੋਣਗੇ ਨਾਲ ਹੀ ਉਨ੍ਹਾਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਚੋਣਾਂ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਾਂਗਰਸ ਪਾਰਟੀ ਨੂੰ ਵੋਟ ਦਿੱਤਾ।
ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਹੋਣ 'ਤੇ ਬੋਲਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਬਿਜਲੀ ਦੇ ਰੇਟ ਵਧਣ ਦਾ ਕੰਮ ਉਜਵਲ ਯੋਜਨਾ ਦੇ ਤਹਿਤ ਕੀਤਾ ਗਿਆ ਹੈ ਜੋ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਦੇਣ ਹੈ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਫ਼ਾਇਦਾ ਦੁਆਉਣ ਲਈ ਅਜਿਹਾ ਕੀਤਾ ਸੀ ਜਿਸ ਦਾ ਠੀਕਰਾ ਇਹ ਕਾਂਗਰਸ ਸਰਕਾਰ 'ਤੇ ਪਾਉਣਾ ਚਾਹੁੰਦੇ ਹਨ। ਅਕਾਲੀਆਂ ਨੇ ਇਹ ਬੋਝ ਕਾਂਗਰਸ ਉੱਤੇ ਨਹੀਂ ਬਲਕਿ ਆਮ ਜਨਤਾ ਉੱਤੇ ਪਾਇਆ ਹੈ।
ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਤਾਂ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ ਪਰ ਭਾਰਤ ਸਰਕਾਰ ਵੱਲੋਂ ਬੜਾ ਹੌਲੀ ਕੰਮ ਚੱਲ ਰਿਹਾ ਹੈ।
ਮੋਦੀ ਸਰਕਾਰ ਦੇ ਕਿਸਾਨਾਂ ਨੂੰ ਦਿੱਤੇ ਗਏ ਫ਼ਾਇਦਿਆਂ ਬਾਰੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਕਿਸਾਨਾਂ ਨੂੰ 500 ਰੁਪਏ ਦੇਣ ਨਾਲ ਕਿਸਾਨਾਂ ਦਾ ਢਿੱਡ ਨਹੀਂ ਭਰੇਗਾ। ਕਿਸਾਨ ਕੋਈ ਭੀਖ ਨਹੀਂ ਮੰਗ ਰਿਹਾ, ਕਿਸਾਨ ਸਿਰਫ਼ ਆਪਣੀ ਫ਼ਸਲ ਦੀ ਪੂਰੀ ਕੀਮਤ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਨ ਕਿ ਜਿਹੜੀ 2018 ਵਿੱਚ ਉਨ੍ਹਾਂ ਨੇ ਫਸਲਾਂ 'ਤੇ ਐੱਮਐੱਸਪੀ ਤੈਅ ਕੀਤਾ ਸੀ, ਉਸ ਦੇ ਆਧਾਰ 'ਤੇ ਕਿਸਾਨਾਂ ਦੀ ਫ਼ਸਲ ਦੀ ਖਰੀਦ ਕੀਤੀ ਜਾਵੇ।
ਭਾਰਤ ਸਰਕਾਰ ਦੇ ਆਉਣ ਵਾਲੇ ਬਜਟ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਹੜਾ ਵੀ ਨੁਮਾਇੰਦਾ ਇੱਥੋਂ ਚੁਣਿਆ ਗਿਆ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਉਹ ਜ਼ਮੀਨੀ ਮੁੱਦਿਆਂ ਉੱਤੇ ਗੌਰ ਕਰੇਗਾ।