ਗੁਰਦਾਸਪੁਰ : ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 73 ਬਟਾਲੀਅਨ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਤਸਕਰਾਂ ਵੱਲੋਂ ਗੁਬਾਰੇ ਨਾਲ ਬੰਨ੍ਹ ਕੇ ਭੇਜੀ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬਾਰਡਰ ਸੁਰੱਖਿਆ ਫੌਜ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਥਾਣਾ ਰਮਦਾਸ ਅਧੀਨ ਪੈਂਦੇ ਪਿੰਡ ਸਾਹੋਵਾਲ ਵਿੱਚ 73 ਬਟਾਲੀਅਨ ਦੇ ਖੇਤਰ ਵਿੱਚ ਹਰਜੀਤ ਕੌਰ ਪਤਨੀ ਦਲੀਪ ਸਿੰਘ ਦੇ ਖੇਤਾਂ ਵਿਚੋਂ 2 ਕਿਲੋ ਹੈਰੋਇਨ ਬਰਾਮਦ ਕੀਤੀ, ਜੋ ਹਰੇ ਰੰਗ ਦੇ ਬੈਗ ਵਿਚ ਪਾਈ ਹੋਈ ਸੀ ਤੇ ਉਸ ਨਾਲ ਚਾਰ ਗੁਬਾਰੇ ਵੀ ਸਨ।
ਇਹ ਵੀ ਪੜ੍ਹੋ : 1 ਕਿਲੋ ਹੈਰੋਇਨ ਲੈ ਕੇ ਸਰਹੱਦ 'ਚ ਦਾਖਲ ਹੋਇਆ ਡਰੋਨ, BSF ਜਵਾਨਾਂ ਨੇ 7 ਰਾਊਂਡ ਫਾਇਰ ਕਰ ਡੇਗਿਆ
ਉਨ੍ਹਾਂ ਦੱਸਿਆ ਕਿ ਇਹ ਇਲਾਕਾ ਬੀਐਸਐਫ ਦੀ ਸ਼ਾਹਪੁਰ ਸਰਹੱਦੀ ਚੌਕੀ ਦੇ ਅਧੀਨ ਆਉਂਦਾ ਹੈ। ਇਸ ਸਬੰਧੀ ਪੁਲਸ ਥਾਣਾ ਰਮਦਾਸ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਮੌਕੇ ਉੱਤੇ ਬਟਾਲੀਅਨ ਦੇ ਕਮਾਂਡੈਂਟ ਅਰੁਨ ਪਾਸਵਾਨ ਤੇ ਸਬੰਧਤ ਬੀਓਪੀ ਦੇ ਬੀਐਸਐਫ ਜਵਾਨ ਵੀ ਮੌਜੂਦ ਸਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਪਾਕਿਸਤਾਨ ਵੱਲੋਂ ਨਸ਼ੇ ਦੀ ਤਸਕਰੀ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਸਰਹੱਦਾਂ ਉਤੇ ਪਾਕਿਸਤਾਨ ਵੱਲੋਂ ਨਸ਼ਾ ਤੇ ਹਥਿਆਰ ਭਾਰਤ ਭੇਜੇ ਜਾਂਦੇ ਹਨ ਤੇ ਜ਼ਿਆਦਾਤਰ ਤਸਕਰੀ ਫੌਜ ਦੀ ਚੌਕਸੀ ਕਾਰਨ ਨਾਕਾਮਯਾਬ ਹੀ ਰਹਿੰਦੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਤਸਕਰ ਗਿਰੋਹ ਦਾ ਮੈਬਰ ਗ੍ਰਿਫਤਾਰ, ਕੀਤੇ ਵੱਡੇ ਖੁਲਾਸੇ
ਬੀਤੇ ਦਿਨ ਵੀ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿਖੇ ਪਿਕਾਸਤਾਨ ਵੱਲੋਂ ਡਰੋਨ ਰਾਹੀਂ ਪੰਜਾਬ ਵਿਚ 3 ਕਿਲੋ ਹੈਰੋਇਨ ਤੇ ਇਕ ਚੀਨੀ ਪਿਸਤੌਲ ਭੇਜਿਆ ਗਿਆ ਸੀ। ਉਸ ਸਮੇਂ ਵੀ ਡਰੋਨ ਦੀ ਹਲਚਲ ਸੁਣਦਿਆਂ ਹੀ ਫੌਜ ਨੇ ਚੌਕਸੀ ਨਾਲ ਡਰੋਨ ਉਤੇ ਫਾਇਰਿੰਗ ਕੀਤੀ, ਪਰ ਡਰੋਨ ਰਾਹੀਂ ਪੰਜਾਬ ਵਿਚ ਇਕ ਪੈਕੇਟ ਸੁੱਟ ਦਿੱਤਾ ਗਿਆ, ਜਿਸ ਵਿਚ 3 ਕਿਲੋ ਦੇ ਕਰੀਬ ਤੇ ਇਕ ਚੀਨੀ ਪਿਸਤੌਲ 5 ਕਾਰਤੂਸਾਂ ਸਮੇਤ ਬਰਾਮਦ ਹੋਈ ਸੀ। ਪਾਕਿਸਤਾਨ ਵੱਲੋਂ ਲਗਾਤਾਰ ਪੰਜਾਬ ਵਿਚ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਲਈ ਵੱਖੋ-ਵੱਖ ਪੈਂਤੜੇ ਅਜ਼ਮਾਏ ਜਾਂਦੇ ਹਨ।