ਬਟਾਲਾ: ਬਟਾਲਾ ਤੋਂ ਪੜ੍ਹਾਈ ਲਈ ਕੈਨੇਡਾ ਗਏ ਇੱਕ ਨੌਜਵਾਨ ਦਾ ਕਤਲ ਹੋਣ ਦੀ ਸੂਚਨਾ ਹੈ। ਸੂਰਜਦੀਪ ਸਿੰਘ ਦੇ ਕਤਲ ਦੀ ਸੂਚਨਾ ਨਾਲ ਪਰਿਵਾਰਕ ਮੈਂਬਰਾਂ ਵਿੱਚ ਸੋਗ ਪਾਇਆ ਜਾ ਰਿਹਾ ਹੈ। ਆਪਣੇ ਜਵਾਨ ਪੁੱਤ ਦੀ ਮੌਤ ਨਾਲ ਸੂਰਜਦੀਪ ਦੇ ਮਾਤਾ-ਪਿਤਾ ਡੂੰਘੇ ਸਦਮੇ ਵਿੱਚ ਹਨ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੂਰਜਦੀਪ ਸਿੰਘ 'ਤੇ ਰਾਹ ਚਲਦੇ ਕੁੱਝ ਨੌਜਵਾਨਾਂ ਨੇ ਲੁੱਟ ਦੀ ਨੀਯਤ ਨਾਲ ਹਮਲਾ ਕੀਤਾ। ਲੁਟੇਰੇ ਨੌਜਵਾਨਾਂ ਨੇ ਸੂਰਜਦੀਪ ਕੋਲੋਂ ਪੈਸੇ ਅਤੇ ਮੋਬਾਈਲ ਆਦਿ ਸਾਮਾਨ ਖੋਹ ਲਿਆ ਅਤੇ ਉਸ ਪਿਛੋਂ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਕਤਲ ਕਰ ਦਿੱਤਾ।
ਬਟਾਲਾ ਦੇ ਗ੍ਰੇਟਰ ਕੈਲਾਸ਼ ਕਾਲੋਨੀ 'ਚ ਰਹਿਣ ਵਾਲੇ ਕੰਵਲਜੀਤ ਸਿੰਘ ਨੇ ਕਰੀਬ ਤਿੰਨ ਸਾਲ ਪਹਿਲਾਂ ਆਪਣੇ ਬੇਟੇ ਸੂਰਜਦੀਪ ਸਿੰਘ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ ਤੇ ਉਸਦੇ ਕਤਲ ਹੋਣ ਕਾਰਨ ਘਰ 'ਚ ਮਾਤਮ ਹੈ।
ਸੂਰਜਦੀਪ ਸਿੰਘ ਦੇ ਰਿਸ਼ਤੇਦਾਰ ਗੁਰਮੀਤ ਸਿੰਘ ਅਤੇ ਚਾਚਾ ਬਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੂਰਜਦੀਪ ਸਿੰਘ ਤਿੰਨ ਸਾਲ ਪਹਿਲਾਂ ਕੈਨੇਡਾ ਵਿਖੇ ਬਰੈਂਪਟਨ ਸ਼ਹਿਰ ਵਿਖੇ ਪੜ੍ਹਾਈ ਲਈ ਚਾਰ ਸਾਲ ਦੇ ਵੀਜ਼ੇ 'ਤੇ ਗਿਆ ਸੀ। ਉਸ ਨੂੰ ਤਿੰਨ ਸਾਲ ਪੂਰੇ ਹੋ ਗਏ ਸਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5 ਵਜੇ ਕੈਨੇਡਾ ਤੋਂ ਆਏ ਫੋਨ ਰਾਹੀਂ ਸੁਨੇਹਾ ਮਿਲਿਆ ਕਿ ਸੂਰਜਦੀਪ ਸਿੰਘ ਜਦੋਂ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ, ਤਾਂ ਇਸ ਦੌਰਾਨ ਉਨ੍ਹਾਂ ਦੇ ਪੁੱਤਰ ਸੂਰਜਦੀਪ ਸਿੰਘ ਦਾ ਕਤਲ ਹੋ ਗਿਆ ਹੈ। ਪੁੱਤਰ ਦੇ ਅਜਿਹੇ ਸੁਨੇਹੇ ਨਾਲ ਸੂਰਜਦੀਪ ਦੇ ਮਾਤਾ-ਪਿਤਾ ਸਦਮੇ ਨਾਲ ਗੁੰਮ-ਸੁੰਮ ਹੋ ਗਏ ਹਨ।
ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚੇ ਸੂਰਜਦੀਪ ਦੀ ਮ੍ਰਿਤਕ ਦੇਹ ਭਾਰਤ ਵਾਪਿਸ ਲਿਆਂਦੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਪੰਜਾਬੀ ਬੱਚੇ ਵਿਦੇਸ਼ਾਂ 'ਚ ਪੜ੍ਹਾਈ ਲਈ ਗਏ ਹਨ, ਦੀ ਸੁਰੱਖਿਆ ਲਈ ਕਦਮ ਚੁੱਕੇ ਜਾਣ ਤਾਂ ਜੋ ਉਨ੍ਹਾਂ ਦੇ ਪਰਿਵਾਰ ਨਾਲ ਅੱਜ ਜੋ ਹੋਇਆ ਹੈ ਉਹ ਕਿਸੇ ਹੋਰ ਨਾਲ ਨਾ ਹੋਵੇ।