ਗੁਰਦਾਸਪੁਰ: ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਸਮਾਗਮਾਂ ਵਿੱਚ ਭਾਰੀ ਇਕੱਠ ਕਰਨ ਉੱਤੇ ਰੋਕ ਲਗਾਈ ਗਈ ਸੀ ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉੱਥੇ ਹੀ ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਘਰ 'ਚ ਸਮਾਗਮ ਕਰਵਾਇਆ ਗਿਆ।
ਬਟਾਲਾ ਦੇ ਪਿੰਡ ਸਾਰਚੂੜ ਵਿਖੇ ਇੱਕ ਫ਼ਾਇਨਾਂਸ ਦਾ ਕੰਮ ਕਰਨ ਵਾਲੇ ਵਿਅਕਤੀ ਵੱਲੋਂ ਆਪਣੇ ਘਰ ਸਮਾਗਮ ਕਰਵਾਇਆ ਗਿਆ ਅਤੇ 50 ਤੋਂ 60 ਵਿਅਕਤੀਆਂ ਦਾ ਇਕੱਠ ਕੀਤਾ ਗਿਆ। ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਉੱਕਤ ਵਿਅਕਤੀ ਦੇ ਵਿਹੜੇ ਵਿੱਚ ਬੈਠੇ ਹਨ ਅਤੇ ਕਿਸ ਤਰ੍ਹਾਂ ਨਿਯਮਾਂ ਦੀ ਧੱਜੀਆਂ ਉੜਾਈਆਂ ਜਾ ਰਹੀਆਂ ਹਨ।
ਜਦੋਂ ਬਟਾਲਾ ਪੁਲਿਸ ਨੂੰ ਇਸ ਦੀ ਖ਼ਬਰ ਮਿਲੀ ਤਾਂ ਬਟਾਲਾ ਪੁਲਿਸ ਨੇ ਚੌਂਕਸੀ ਵਰਤਦਿਆਂ ਮੌਕੇ ਉੱਤੇ ਪਹੁੰਚ ਕੇ ਸਮਾਗਮ ਨੂੰ ਬੰਦ ਕਰਵਾਇਆ ਅਤੇ ਸਮਾਗਮ ਕਰਵਾ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਉਸ ਦੇ ਵਿਰੁੱਧ ਆਈ.ਪੀ.ਸੀ ਦੀ ਧਾਰਾ 188, 269 ਦੇ ਤਹਿਤ ਕੇਸ ਦਰਜ ਕਰ ਦਿੱਤਾ ਗਿਆ।
ਪੁਲਿਸ ਅਧਿਕਾਰੀ ਐੱਸ.ਪੀ ਜਸਬੀਰ ਰਾਏ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ, ਕਿਉਂਕਿ ਇਹ ਦੇਸ਼ ਦੀ ਜਨਤਾ ਦੀ ਜਿੰਦਗੀ ਦਾ ਸਵਾਲ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਪੀਲ ਕਰਦਾ ਹੈ ਕਿ ਕੋਰੋਨਾ ਨੂੰ ਜੜ੍ਹ ਤੋਂ ਖਤਮ ਕਰਨ ਲਈ ਲੋਕ ਸਹਿਯੋਗ ਦੇਣ।