ਗੁਰਦਾਸਪੁਰ: ਗੁਰਨਾਮ ਸਿੰਘ ਚੜੂੂਨੀ ਨੂੰ ਸਸਪੈਂਡ ਕਰਨ ਨੂੰ ਲੈਕੇ ਕਿਸਾਨਾਂ ਚ ਵੀ ਹਲਚਲ ਪੈਦਾ ਹੋ ਗਈ ਹੈ। ਇਸਨੂੰ ਲੈਕੇ ਗੁਰਦਾਸਪੁਰ ਦੇ ਪਿੰਡ ਛੀਨਾ ਵਿਖੇ ਕਿਸਾਨਾਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੋ ਸੰਯੁਕਤ ਕਿਸਾਨ ਮੋਰਚਾ ਵਲੋਂ ਗੁਰਨਾਮ ਸਿੰਘ ਨੂੰ 7 ਦਿਨ ਲਈ ਸਸਪੈਂਡ ਕੀਤਾ ਗਿਆ ਹੈ ਉਸ ‘ਤੇ ਸੰਯੁਕਤ ਮੋਰਚੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੋ ਗੁਰਨਾਮ ਸਿੰਘ ਚੜੂਨੀ ਨੇ ਬਿਆਨ ਦਿੱਤਾ ਹੈ ਉਹ ਉਨ੍ਹਾਂ ਦੀ ਆਪਣੀ ਵਿਚਾਰਧਾਰਾ ਹੈ ਅਤੇ ਉਸ ਨੂੰ ਗ਼ਲਤ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਮੇਸ਼ਾ ਹੀ ਪਿਛਲੇ ਸਮੇ ‘ਚ ਰਾਜ ਸੱਤਾ ‘ਚ ਬੈਠੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਕਦੇ ਵੀ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕੀਤੀ ।
ਉਨ੍ਹਾਂ ਕਿਹਾ ਕਿ ਜਿਵੇਂ ਮਿਸ਼ਨ ਉੱਤਰ ਪ੍ਰਦੇਸ਼ ਬਾਰੇ ਸੰਯੁਕਤ ਮੋਰਚਾ ਵਿਚਾਰ ਪੇਸ਼ ਕਰ ਰਿਹਾ ਹੈ ਉਸੇ ਹੀ ਤਰ੍ਹਾਂ ਮਿਸ਼ਨ ਪੰਜਾਬ ਦੀ ਗੱਲ ਗੁਰਨਾਮ ਸਿੰਘ ਚੜੂਨੀ ਨੇ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਜਥੇਬੰਦੀ 33 ਜਥੇਬੰਦੀਆਂ ‘ਚ ਸ਼ਾਮਿਲ ਨਹੀਂ ਹੈ ਪਰ ਉਹ ਵੀ ਸੰਯੁਕਤ ਕਿਸਾਨ ਮੋਰਚਾ ਦੇ ਸਮਰਥਨ ਪਿਛਲੇ ਕਈ ਮਹੀਨਿਆਂ ਤੋਂ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਅਤੇ ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਨੂੰ ਮਜਬੂਤ ਕਰਨ ‘ਚ ਆਪਣਾ ਸਾਥ ਦੇ ਰਹੇ ਹਨ ਅਤੇ ਜੋ ਪਿਛਲੇ ਦਿਨੀਂ ਉਨ੍ਹਾਂ ਵਲੋਂ ਗੁਰਨਾਮ ਸਿੰਘ ਦੀ ਅਗਵਾਈ ‘ਚ ਡੇਰਾ ਬਾਬਾ ਨਾਨਕ ਤੋਂ ਦਿੱਲੀ ਲਈ ਕਾਰ ਮਾਰਚ ਕੀਤਾ ਗਿਆ ਸੀ ਉਹ ਵੀ ਦਿੱਲੀ ਅੰਦੋਲਨ ਨੂੰ ਮਜਬੂਤ ਕਰਨ ਦਾ ਹਿੱਸਾ ਸੀ ਅਤੇ ਅੱਗੇ ਵੀ ਉਨ੍ਹਾਂ ਦਾ ਸਹਿਯੋਗ ਰਹੇਗਾ।
ਇਹ ਵੀ ਪੜ੍ਹੋ: 100 ਤੋਂ ਵੱਧ ਕਿਸਾਨਾਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ