ਫ਼ਰੀਦਕੋਟ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਫ਼ਰੀਦਕੋਟ ਵਿੱਚ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿੱਚ ਆਂਗਨਵਾੜੀ ਮੁਲਾਜ਼ਮਾਂ ਦੇ ਵੱਲੋਂ ਫ਼ਰੀਦਕੋਟ ਦੇ ਕਾਂਗਰਸ ਦੇ ਐੱਮਐੱਲਏ ਕੁਸ਼ਲਦੀਪ ਢਿੱਲੋਂ ਦੀ ਰਿਹਾਇਸ਼ ਦਾ ਘਿਰਾਉ ਕੀਤਾ ਗਿਆ।
ਕੇਂਦਰ ਸਰਕਾਰ ਵਲੋਂ ਵਧਾਏ ਗਏ ਮਾਨ ਭੱਤੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਆਪਣੇ ਹਿੱਸੇ ਉੱਤੇ ਲਗਾਈ ਰੋਕ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਪਣੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਵਿੱਤ ਮੰਤਰੀ ਦਾ ਘਿਰਾਉ ਕਰਨ ਅਤੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਬਾਇਕਾਟ ਕਰਨ ਦੀ ਚਿਤਾਵਨੀ ਦਿੱਤੀ ਗਈ ।
ਇਸ ਮੌਕੇ ਸ਼ਿੰਦਰਪਾਲ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਉਹਨਾਂ ਦੇ ਮਾਨ ਭੱਤੇ ਵਿੱਚ ਵਾਧਾ ਕੀਤਾ ਗਿਆ ਸੀ ਜਿਸ ਵਿੱਚ ਆਂਗਨਵਾੜੀ ਮੁਲਾਜ਼ਮਾਂ ਨੂੰ 1500 ਰੁਪਏ ਅਤੇ ਹੈਲਪਰ ਨੂੰ 750 ਰੁਪਏ ਪ੍ਰਤੀ ਮਹੀਨਾ ਦਾ ਵਾਧਾ ਕੀਤਾ ਗਿਆ ਸੀ ਜਿਸ ਵਿੱਚ 60 ਫ਼ੀਸਦੀ ਕੇਂਦਰ ਸਰਕਾਰ ਨੇ ਅਤੇ 40 ਫ਼ੀਸਦੀ ਪੰਜਾਬ ਸਰਕਾਰ ਨੇ ਦੇਣਾ ਸੀ।
ਪਰ ਪੰਜਾਬ ਸਰਕਾਰ ਦੁਆਰਾ ਆਪਣਾ ਹਿੱਸਾ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਭਰ ਵਿੱਚ 54000 ਆਂਗਨਵਾੜੀ ਵਰਕਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਦੋ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਹੀਂ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀ ਵਿੱਤ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਾਂਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਦਾ ਬਾਇਕਾਟ ਕਰਾਂਗੇ ।
ਜਦੋਂ ਐੱਮਐੱਲਏ ਕੁਸ਼ਲਦੀਪ ਢਿੱਲੋਂ ਨਾਲ ਇਸ ਮਾਮਲੇ ਵਿੱਚ ਗੱਲ ਕਰਨੀ ਚਾਹੀ ਤਾਂ ਉਹ ਆਪਣੀ ਕੋਠੀ ਤੋਂ ਬਾਹਰ ਹੀ ਨਹੀਂ ਆਏ।