ਗੁਰਦਾਸਪੁਰ: ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਅਬਰੋਲ ਮੈਡੀਕਲ ਸੈਂਟਰ ਨੇ 7 ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਨੌਜਵਾਨ ਦਾ ਸ਼ੀਸ਼ੇ ਨਾਲ ਕੱਟਿਆ ਹੱਥ ਜੋੜਿਆ ਗਿਆ। ਸ਼ੀਸ਼ੇ ਦਾ ਕੰਮ ਕਰਦੇ ਨੌਜਵਾਨ ਨੂੰ ਹਸਪਤਾਲ 'ਚ ਗੰਭੀਰ ਹਾਲਤ ਵਿੱਚ ਲਿਆਂਦਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਬਰੋਲ ਮੈਡੀਕਲ ਸੈਂਟਰ ਦੇ ਚੇਅਰਮੈਨ ਡਾ. ਅਜੇ ਅਬਰੋਲ ਨੇ ਦੱਸਿਆ ਕਿ ਜਿਸ ਸਮੇਂ ਨੌਜਵਾਨ ਚਿੰਟੂ ਉਨ੍ਹਾਂ ਕੋਲ ਪਹੁੰਚਿਆ ਸੀ ਤਾਂ ਉਸਦੀ ਹਾਲਤ ਕਾਫੀ ਗੰਭੀਰ ਸੀ ਅਤੇ ਇਸਦੇ ਹੱਥ ਦੀਆਂ ਨਸਾਂ ਕਾਫੀ ਵੱਢੀਆਂ ਗਈਆਂ ਸਨ ਜਿਸ ਕਾਰਨ ਖੂਨ ਵੀ ਕਾਫੀ ਨਿਕਲ ਚੁੱਕਾ ਸੀ।
ਪਰ ਡਾਕਟਰਾਂ ਦੀ ਕ੍ਰਿਟਿਕਲ ਟੀਮ ਨੇ ਤੁਰੰਤ ਇਸਦਾ ਆਪ੍ਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ 7 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਇਸ ਨੌਜਵਾਨ ਦਾ ਹੱਥ ਜੋੜ ਦਿੱਤਾ ਗਿਆ ਹੈ ਅਤੇ ਹੁਣ ਨੌਜਵਾਨ ਬਿਲਕੁਲ ਠੀਕ ਹੈ। ਡਾਕਟਰ ਨੇ ਦੱਸਿਆ ਕਿ ਜੇਕਰ ਨੌਜਵਾਨ ਹਸਪਤਾਲ ਪਹੁੰਚਣ 'ਚ ਲੇਟ ਹੋ ਜਾਂਦਾ ਤਾਂ ਉਸਦਾ ਹੱਥ ਜੋੜਨਾ ਮੁਸ਼ਕਿਲ ਸੀ।
ਮਰੀਜ਼ ਚਿੰਟੂ ਨੇ ਦੱਸਿਆ ਕਿ ਉਹ ਸ਼ੀਸ਼ੇ ਦੀ ਦੁਕਾਨ 'ਤੇ ਕੰਮ ਕਰਦਾ ਹੈ ਅਤੇ ਕੰਮ ਕਰਦੇ ਦੌਰਾਨ ਸ਼ੀਸ਼ਾ ਹੱਥ 'ਤੇ ਫਿਰਨ ਨਾਲ ਉਸ ਦਾ ਹੱਥ ਵੱਢਿਆ ਗਿਆ ਜਿਸ ਕਾਰਨ ਉਸਦੀਆਂ ਸਾਰੀਆਂ ਨਸਾਂ ਵੱਢੀਆਂ ਜਾਣ ਕਾਰਨ ਕਾਫੀ ਖੂਨ ਨਿਕਲ ਗਿਆ। ਪਰ ਅਬਰੋਲ ਹਸਪਤਾਲ ਦੇ ਡਾਕਟਰਾਂ ਵੱਲੋਂ ਤੁਰੰਤ ਇਲਾਜ ਸ਼ੁਰੂ ਕਰਨ ਨਾਲ ਉਸਦਾ ਹੱਥ ਫਿਰ ਜੁੜ ਗਿਆ ਹੈ ਅਤੇ ਉਹ ਇਸ ਲਈ ਡਾਕਟਰਾਂ ਦਾ ਧੰਨਵਾਦ ਕਰਦਾ ਹੈ।