ਗੁਰਦਾਸਪੁਰ: ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਕੋਰੋਨਾ ਵਰਗੀ ਕਿਸੇ ਹੋਰ ਬਿਮਾਰੀ ਤੋਂ ਬਚਾਉਣ ਲਈ ਅਤੇ ਵਾਤਾਵਰਣ ਨੂੰ ਸਾਫ ਰੱਖਣ ਲਈ ਗੁਰਦਾਸਪੁਰ ਦਾ ਇੱਕ ਸਰਕਾਰੀ ਅਧਿਆਪਕ ਉਪਰਾਲਾ ਕਰ ਰਿਹਾ ਹੈ।
ਗੁਰਦਾਸਪੁਰ ਦੇ ਪਿੰਡ ਛੀਨਾ ਦੇ ਰਣਜੀਤ ਸਿੰਘ ਇੱਕ ਸਰਕਾਰੀ ਅਧਿਆਪਕ ਹਨ ਜੋ ਕਿ ਵਾਤਾਵਰਨ ਨੂੰ ਸੰਭਾਲਣ ਵਿਚ ਲੱਗੇ ਹੋਏ ਹਨ। ਰਣਜੀਤ ਰੋਜ਼ਾਨਾ ਆਪਣੀ ਡਿਉਟੀ ਤੋਂ ਬਾਅਦ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੇ ਰਸਤਿਆਂ 'ਤੇ ਉੱਗੀਆਂ ਜੰਗਲੀ ਜੜੀ ਬੂਟੀਆਂ ਸਾਫ ਕਰਦੇ ਹਨ ਅਤੇ ਹੁਣ ਤੱਕ ਉਹ 12 ਪਿੰਡਾਂ ਦੇ ਰਸਤਿਆਂ ਨੂੰ ਸਾਫ ਕਰ ਚੁੱਕੇ ਹਨ। ਇਸ ਕੰਮ ਦਾ ਸਾਰਾ ਖਰਚਾ ਉਹ ਆਪਣੀ ਜੇਬ ਵਿੱਚੋਂ ਕਰਦੇ ਹਨ ਤਾਂ ਜੋ ਵਾਤਾਵਰਨ ਸਾਫ ਰਹਿ ਸਕੇ ਅਤੇ ਲੋਕ ਬਿਮਾਰੀਆਂ ਤੋਂ ਬੱਚ ਸਕਣ।
ਜਾਣਕਾਰੀ ਦਿੰਦਿਆਂ ਅਧਿਆਪਕ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਸਕੂਲ ਦੇ ਬੱਚਿਆਂ ਨੂੰ ਆਨਲਾਈਨ ਪੜਾਈ ਕਰਵਾਉਣ ਤੋਂ ਬਾਅਦ ਘਰ ਆ ਕੇ ਦਿਹਾੜੀਦਾਰ ਮਜ਼ਦੂਰਾਂ ਨੂੰ ਨਾਲ ਲੈ ਕੇ ਨੇੜਲੇ ਪਿੰਡਾਂ ਵਿੱਚ ਜਾ ਕੇ ਪਿੰਡ ਦੇ ਰਸਤਿਆਂ 'ਤੇ ਉੱਘੀਆਂ ਜੰਗਲੀ ਜੜੀ ਬੂਟੀਆਂ ਅਤੇ ਭੰਗ ਆਦਿ ਨੂੰ ਵੱਢਕੇ ਰਸਤੇ ਨੂੰ ਸਾਫ਼ ਕਰਦੇ ਹਨ ਤਾਂ ਜੋ ਰਸਤਿਆਂ ਵਿੱਚ ਲੱਗੇ ਬੂਟੇ ਜੰਗਲੀ ਜੜੀ ਬੂਟੀ ਕਾਰਨ ਸੁੱਕਣ ਨਾ ਅਤੇ ਵਾਤਾਵਰਣ ਸਾਫ ਰਹਿ ਸਕੇ। ਇਸ ਨਾਲ ਭਿਆਨਕ ਬਿਮਾਰੀਆਂ ਤੋਂ ਵੀ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ
ਉਨ੍ਹਾਂ ਦੱਸਿਆ ਕਿ ਉਹ ਬਿਨਾਂ ਕਿਸੇ ਦੀ ਮੱਦਦ ਦੇ ਆਪਣੀ ਜੇਬ ਵਿੱਚੋਂ ਪੈਸੇ ਖ਼ਰਚ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਹਰ ਕੋਈ ਆਪਣੇ ਪਿੰਡ ਦੀ ਸਫ਼ਾਈ ਰੱਖੇ ਤਾਂ ਉਸ ਪਿੰਡ ਵਿੱਚ ਕਦੇ ਬਿਮਾਰੀਆਂ ਨਹੀਂ ਫੈਲ ਸਕਦੀਆਂ।