ਗੁਰਦਾਸਪੁਰ: ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ , ਮੰਦਭਾਗੀ ਖਬਰ ਰੇਲਵੇ ਰੋਡ 'ਤੋਂ ਸਾਹਮਣੇ ਆਈ ਜਿਥੇ ਬੱਚੇ ਦੀ ਮੌਤ ਹੋਈ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਬੱਚੇ ਦੀ ਮੌਤ ਹਸਪਤਾਲ ਵੱਲੋਂ ਰੱਖੇ ਗਏ ਅਣਟ੍ਰੇਂਡ ਸਟਾਫ ਦੀ ਲਾਪਰਵਾਹੀ ਕਾਰਨ ਹੋਈ ਹੈ। ਜਾਣਕਾਰੀ ਦਿੰਦਿਆ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿੰਡ ਰਾਮਨਗਰ ਭੂਣ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਨੇ ਆਪਣੇ ਦੋ ਸਾਲ ਦੇ ਬੱਚੇ ਪਵਨਜੋਤ ਨੂੰ ਬੁੱਧਵਾਰ ਸਵੇਰੇ ਛਾਤੀ ਵਿਚ ਇਨਫੈਕਸ਼ਨ ਦੀ ਸ਼ਿਕਾਇਤ ਹੋਣ 'ਤੇ ਅਗਰਵਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਇਸ ਦੌਰਾਨ ਬੱਚਾ ਲਗਭਗ ਠੀਕ ਹੋ ਗਿਆ ਸੀ ਅਤੇ ਉਹ ਡਾਕਟਰ ਨੂੰ ਛੁੱਟੀ ਦੇਣ ਲਈ ਕਹਿ ਰਹੇ ਸਨ ਪਰ ਡਾਕਟਰ ਦੇ ਕਹਿਣ ਤੇ ਇੱਕ ਦਿਨ ਹੋਰ ਰੁਕ ਗਏ।
ਨਰਸ ਅੱਧਾ ਇੰਜੈਕਸ਼ਨ ਲਗਾ ਕੇ ਹੀ ਬਾਹਰ ਭੱਜ ਗਈ: ਅੱਜ ਦੁਪਹਿਰ ਬੱਚੇ ਨੇ ਰੋਟੀ ਖਾਧੀ ਅਤੇ ਉਸ ਤੋਂ ਬਾਅਦ ਚੰਗਾ ਭਲਾ ਖੇਡ ਰਿਹਾ ਸੀ ਪਰ ਇੱਕ ਨਰਸ ਉਸ ਨੂੰ ਲੱਗੀ ਡਰਿਪ ਵਿੱਚ ਜਦੋਂ ਇੰਜੈਕਸ਼ਨ ਲਗਾਉਣ ਆਈ ਤਾਂ ਅੱਧਾ ਇੰਜੈਕਸ਼ਨ ਵੀ ਨਹੀਂ ਸੀ ਲੱਗਿਆ ਕਿ ਬੱਚੇ ਨੇ ਅੱਖਾਂ ਪਰਤ ਲਈਆਂ ਅਤੇ ਤੁਰੰਤ ਹੀ ਉਸਦੀ ਮੌਤ ਹੋ ਗਈ। ਨਰਸ ਅੱਧਾ ਇੰਜੈਕਸ਼ਨ ਲਗਾ ਕੇ ਹੀ ਬਾਹਰ ਭੱਜ ਗਈ। ਉਨ੍ਹਾਂ ਕਿਹਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਡਾਕਟਰ ਇਕ ਵਾਰ ਵੀ ਬੱਚੇ ਨੂੰ ਦੇਖਣ ਨਹੀਂ ਆਇਆ। ਉਨ੍ਹਾਂ ਦੋਸ਼ ਲਗਾਇਆ ਕਿ ਗਲਤ ਤਰੀਕੇ ਨਾਲ ਇੰਜੇਕਸ਼ਨ ਲਗਾਉਣ ਨਾਲ ਇਹ ਬੱਚੇ ਦੀ ਮੌਤ ਹੋਈ ਹੈ। ਨਾਲ ਹੀ ਬੱਚੇ ਦੇ ਤਾਏ ਵੱਲੋਂ ਹਸਪਤਾਲ ਪ੍ਰਸ਼ਾਸਨ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਦੋਸ਼ੀ ਪਾਏ ਜਾਣ 'ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ: ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਇਸ ਦੌਰਾਨ ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਗੁਰਮੀਤ ਸਿੰਘ ਨੇ ਬੱਚੇ ਦੇ ਇਲਾਜ ਨਾਲ ਸੰਬਧਤ ਫਾਈਲ ਆਪਣੇ ਕਬਜ਼ੇ ਵਿਚ ਲੈ ਲਈ ਹੈ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਵਿਚ ਜੋ ਵੀ ਕੁਤਾਹੀ ਹੋਈ ਹੈ ਉਸਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੋਸ਼ੀ ਪਾਏ ਜਾਣ 'ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ :Budget 2023 Expectation: ਬਜਟ 2023-24 ਵਿੱਚ ਵਿੱਤੀ ਘਾਟੇ ਨੂੰ 6 ਫੀਸਦੀ ਤੋਂ ਹੇਠਾਂ ਲਿਆਉਣ ਦੀ ਉਮੀਦ
ਦੋਸ਼ਾਂ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ: ਜਦੋਂ ਇਸ ਸਬੰਧ ਵਿੱਚ ਅਗਰਵਾਲ ਹਸਪਤਾਲ ਦੇ ਮਾਲਕ ਡਾਕਟਰ ਅਮਿੱਤ ਅਗਰਵਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਾ ਛਾਤੀ ਦੀ ਇਨਫੈਕਸ਼ਨ ਦੇ ਚਲਦਿਆਂ ਉਨ੍ਹਾਂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਟੈਸਟ ਕਰਨ ਤੋਂ ਬਾਅਦ ਬੱਚੇ ਨੂੰ ਨਿਮੋਨੀਆ ਵੀ ਪਾਇਆ ਗਿਆ ਸੀ।ਇਲਾਜ ਤੋਂ ਬਾਅਦ ਬੱਚਾ ਠੀਕ ਹੋਣ ਲੱਗ ਪਿਆ ਸੀ ਇਸ ਲਈ ਉਸ ਨੂੰ ਆਈਸੀਯੂ ਵਿਚੋਂ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਅਚਾਨਕ ਅੱਜ ਉਸ ਦਾ ਸਾਹ ਰੁਕਣਾ ਸ਼ੁਰੂ ਹੋ ਗਿਆ ਅਤੇ ਉਸ ਦਾ ਹਾਰਟ ਫੇਲ ਹੋ ਗਿਆ। ਉਨ੍ਹਾਂ ਪਰਿਵਾਰ ਦੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਮੌਕੇ ਤੇ ਬੱਚੇ ਨੂੰ ਵੇਖਣ ਲਈ ਪੁੱਜੇ ਸੀ ਅਤੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।ਉਨ੍ਹਾਂ ਨਰਸ ਵੱਲੋਂ ਗਲਤ ਤਰੀਕੇ ਨਾਲ ਇਲੈਕਸ਼ਨ ਲਗਵਾਉਣ ਦੇ ਦੋਸ਼ਾਂ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ| ਖੈਰ ਇਸ ਮਾਮਲੇ ਵਿਚ ਅਣਗਹਿਲੀ ਕਿਸਦੀ ਸੀ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਸ ਦੌਰਾਨ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ