ਗੁਰਦਾਸਪੁਰ: ਕਿਸਾਨੀ ਹੁਣ ਫਾਇਦੇ ਦਾ ਸੌਦਾ ਨਹੀਂ ਰਹੀ। ਇਸ ਲਈ ਕਿਸਾਨ ਖਾਸ ਕਰਕੇ ਨੌਜਵਾਨ ਕਿਸਾਨੀ ਤੋਂ ਮੂੰਹ ਮੋੜ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ ਜਾਂ ਫਿਰ ਹੋਰ ਧੰਦੇ ਅਪਣਾ ਰਹੇ ਹਨ। ਇਸ ਦਾ ਇੱਕ ਕਾਰਨ ਕਿਸਾਨਾਂ ਦੀ ਫਸਲ ਪ੍ਰਤੀ ਸਰਕਾਰਾਂ ਦੀ ਅਨਦੇਖੀ ਵੀ ਹੈ।
ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਨੇ ਸਾਬਿਤ ਕਰ ਦਿੱਤਾ ਕਿ ਕਿਸਾਨੀ ਘਾਟੇ ਦਾ ਸੌਦਾ ਨਹੀਂ ਹੈ। ਜੇਕਰ ਕਿਸਾਨ ਥੋੜ੍ਹੀ ਸਮਝ ਅਤੇ ਸਬਰ ਵਰਤੇ ਤਾਂ ਕਿਸਾਨੀ ਨਾਲ ਜੁੜੇ ਸਹਾਇਕ ਧੰਦੇ ਅਪਣਾ ਕੇ ਵੀ ਲੱਖਾਂ ਰੁਪਏ ਕਮਾਏ ਜਾ ਸਕਦੇ ਹਨ।
ਉਹ ਤਾਂ ਇਹ ਦਾਅਵਾ ਵੀ ਕਰਦਾ ਹੈ ਕਿ ਕਿਸਾਨ ਵੀ ਅਡਾਨੀ ਵਾਂਗੂ ਕਈ ਸੀਲੋ ਪਲਾਂਟ ਦੇ ਮਾਲਕ ਬਣ ਸਕਦੇ ਹਨ। ਕੋਸ਼ਲਦੀਪ ਸਿੰਘ ਨਾਮ ਦੇ ਇਸ ਨੌਜਵਾਨ ਨੇ ਵੀ ਗੰਨੇ ਦੀ ਅਦਾਇਗੀ ਨਾਂ ਹੋਣ ਕਾਰਨ 2015 'ਚ ਇਕ ਵੇਲਣਾ ਲਗਾ ਕੇ ਆਪਣੇ ਘਰ 'ਚ ਦੇਸੀ ਗੁੜ ਤਿਆਰ ਕਰ ਕੇ ਵੇਚਣਾ ਸ਼ੁਰੂ ਕੀਤਾ ਸੀ ਅਤੇ ਹੁਣ ਇਸ ਨੌਜਵਾਨ ਨੇ ਆਪਣੇ ਪਿੰਡ 'ਚ ਹੀ ਗੁੜ ਬਣਾਉਣ ਦੀ ਵੱਡੀ ਫ਼ੈਕਟਰੀ ਲਗਾ ਲਈ ਹੈ।
ਇਹ ਆਪਣੀ ਫੈਕਟਰੀ 'ਚ ਹੁਣ 50 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ। 'ਕੇਨ ਫਾਰਮ' ਬ੍ਰਾਂਡ ਦੇ ਨਾਮ ਨਾਲ ਇਸ ਦੀ ਫੈਕਟਰੀ ਵਿੱਚ ਤਿਆਰ ਗੁੜ ਅਤੇ ਸ਼ੱਕਰ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਮਸ਼ਹੂਰ ਹੋ ਚੁੱਕੇ ਹਨ। ਇਸ ਵਕਤ ਇਸ ਫੈਕਟਰੀ 'ਚ 15 ਤਰ੍ਹਾਂ ਦਾ ਗੁੜ ਤਿਆਰ ਹੁੰਦਾ ਹੈ। ਇਸਤੋਂ ਇਲਾਵਾ ਇਹ ਗੁੜ ਦਾ ਬ੍ਰਾਂਡ ਐਮਾਜ਼ੋਨ ਅਤੇ ਗੂਗਲ ਤੇ ਵੀ ਆਸਾਨੀ ਨਾਲ ਮਿਲ ਜਾਂਦਾ ਹੈ।
ਜੇ ਗੱਲ ਕਰੀਏ ਗੁੜ ਦੀਆ ਕਿਸਮਾਂ ਦੀ ਤਾਂ ਹਲਦੀ ਵਾਲਾ ਗੁੜ , ਕੋਕੋਨਟ ਗੁੜ ,ਪੰਪਕਿਨ ਸੀਡ ਯਾਨੀ ਕਿ ਕੱਦੂ ਦੇ ਬੀਜ ਵਾਲਾ ਗੁੜ ਜਿਹੀਆਂ ਇਸਦੇ ਵੱਲੋਂ ਤਿਆਰ ਕੀਤੀਆਂ ਗਈਆਂ ਗੁੜ ਅਤੇ ਸ਼ੱਕਰ ਦੀਆਂ ਵੱਖ-ਵੱਖ ਕਿਸਮਾਂ ਦੇ ਆਪਣੇ ਵੱਖ-ਵੱਖ ਫਾਇਦੇ ਹਨ।
ਜਿਵੇਂ ਕਿ ਹਲਦੀ ਵਾਲਾ ਗੁੜ ਸੱਟ ਲੱਗਣ ਤੇ ਦੁੱਧ 'ਚ ਮਿਲਾ ਕੇ ਪੀਣ ਦੇ ਕੰਮ ਆਉਂਦਾ ਹੈ ਅਤੇ ਜਿਹੜੇ ਲੋਕ ਦੁੱਧ 'ਚ ਹਲਦੀ ਪਾ ਕੇ ਪੀਂਦੇ ਹਨ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੈ ਜਦ ਕਿ ਨਾਰੀਅਲ ਵਾਲੀ ਗੁੜ ਦੀ ਸ਼ੱਕਰ ਰੋਟੀ ਨੂੰ ਪਚਾਉਣ ਦਾ ਕੰਮ ਕਰਦੀ ਹੈ ਅਤੇ ਰੋਟੀ ਤੋਂ ਬਾਅਦ ਇਸ ਦਾ ਫੱਕਾ ਮਾਰਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:- ਮੋਟਰਸਾਇਕਲ ਦਾ ਬਾਦਸ਼ਾਹ, ਜਿਸ ਦੇ ਕੈਨੇਡਾ ਅਮਰੀਕਾ ਵੀ ਹੋਏ ਫੈਨ