ਗੁਰਦਾਸਪੁਰ: ਜ਼ਿਲ੍ਹਾ ਦੇ ਸਰਹੱਦੀ ਕਸਬਾ ਦੀਨਾਨਗਰ ਅਧੀਨ ਪੈਂਦੇ ਮਕੌੜਾ ਪੱਤਣ ’ਤੇ ਰਾਵੀ ਦਰਿਆ ’ਤੇ ਬਣਿਆ ਅਸਥਾਈ ਪੁੱਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ 7 ਪਿੰਡਾਂ ਦਾ ਸੰਪਰਕ ਭਾਰਤ ਦੇਸ਼ ਨਾਲ ਟੁੱਟ ਚੁੱਕਾ ਹੈ। ਲਿੰਕ ਟੁੱਟ ਜਾਣ ਕਾਰਨ ਲੋਕਾਂ ਨੂੰ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨ੍ਹਾਂ ਪਿੰਡਾਂ ਨੂੰ ਜਾਣ ਦਾ ਇੱਕ ਮਾਤਰ ਸਹਾਰਾ ਕਿਸ਼ਤੀ ਹੈ।
ਆਜ਼ਾਦੀ ਤੋਂ ਬਾਵਜੂਦ ਵੀ ਗੁਲਾਮੀ ਕਰ ਰਹੇ ਮਹਿਸੂਸ: ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਸਨ ਪਰ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਇੰਨ੍ਹਾਂ ਪਿੰਡਾ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਜਿਸ ਕਰਕੇ ਕਈ ਲੋਕ ਇੰਨ੍ਹਾਂ ਪਿੰਡਾ ਨੂੰ ਛੱਡ ਕੇ ਜਾ ਚੁੱਕੇ ਹਨ। ਇਸ ਵਕਤ ਰਾਵੀ ਦਰਿਆ ਤੋਂ ਪਾਰ ਸਿਰਫ 14 ਵਿੱਚੋਂ 7 ਪਿੰਡ ਹੀ ਮੌਜੂਦ ਹਨ। ਇੰਨ੍ਹਾਂ ਲੋਕਾਂ ਨੂੰ ਵੀ ਰਾਵੀ ਦਰਿਆ ’ਤੇ ਪੱਕਾ ਪੁੱਲ ਨਾ ਹੋਣ ਕਰਕੇ ਕੋਈ ਸੁੱਖ ਸਹੂਲਤ ਨਹੀਂ ਹੈ ਜਿਸ ਕਰਕੇ ਅੱਜ ਵੀ ਦੇਸ਼ ਦੀ ਆਜ਼ਾਦੀ ਇੰਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀ।
ਪਾਕਿ ਸਰਹੱਦ ’ਤੇ ਵਸਦੇ ਨੇ 7 ਪਿੰਡਾਂ ਦੇ ਲੋਕ: ਰਾਵੀ ਦਰਿਆ ਤੋਂ ਪਾਰ ਵੱਸਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਲਗਭਗ ਦਰਜਨ ਪਿੰਡਾਂ ਦੇ ਲੋਕ ਕਹਿਣ ਨੂੰ ਤਾਂ ਭਾਰਤ ਦਾ ਹਿੱਸਾ ਹਨ ਪਰ ਮੀਂਹ ਦੇ ਦਿਨਾਂ ਵਿੱਚ ਇੰਨ੍ਹਾਂ ਪਿੰਡਾਂ ਦੇ ਲੋਕ ਖ਼ੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਹਨ। ਆਜ਼ਾਦੀ ਦੇ 75 ਸਾਲ ਬੀਤ ਜਾਣ ਤੋਂ ਬਾਅਦ ਵੀ ਪੁੱਲ ਦੇ ਪਾਰ ਵੱਸਦੇ 7 ਪਿੰਡਾਂ ਦੇ ਲੋਕ ਆਪਣੇ ਆਪ ਨੂੰ ਗੁਲਾਮ ਸਮਝਦੇ ਹਨ ਕਿਉਂਕਿ ਜਦੋਂ ਵੀ ਇਹ ਅਸਥਾਈ ਪੁੱਲ ਚੁੱਕ ਲਿਆ ਜਾਂਦਾ ਹੈ ਤਾਂ ਇੰਨ੍ਹਾਂ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ।
ਆਉਣ ਜਾਣ ਦਾ ਇੱਕ ਮਾਤਰ ਸਹਾਰਾ ਕਿਸ਼ਤੀ: ਕਈ ਲੋਕ ਤਾਂ ਕਹਿੰਦੇ ਹਨ ਕਿ ਇੰਨ੍ਹਾਂ ਦਿਨਾਂ ਵਿਚ ਸਾਨੂੰ ਇਹ ਪਤਾ ਨਹੀਂ ਚੱਲਦਾ ਕਿ ਅਸੀਂ ਕਿਸ ਦੇਸ਼ ਦੇ ਨਾਗਰਿਕ ਹਾਂ ਕਿਉਂਕਿ ਇਹ ਇਲਾਕਾ ਦੋ ਦਰਿਆਵਾਂ ਦੇ ਪਾਰ ਅਤੇ ਐਲ ਓ ਸੀ ਦੇ ਨਾਲ ਲੱਗਦਾ ਹੈ। ਮੀਂਹ ਦੇ ਮੌਸਮ ਵਿੱਚ ਨਹਿਰੀ ਵਿਭਾਗ ਵੱਲੋਂ ਬਣਾਇਆ ਗਿਆ ਪਲਟੂਨ ਪੁਲ ਚੁੱਕ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਆਉਣ-ਜਾਣ ਲਈ ਇੱਕ ਮਾਤਰ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਦਰਿਆ ’ਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਕਈ ਵਾਰ ਨਹੀਂ ਚੱਲ ਸਕਦੀ ਅਤੇ ਪਾਰ ਵਸਦੇ 7 ਪਿੰਡ ਇੱਕ ਟਾਪੂ ਬਣ ਜਾਂਦੇ ਹਨ ਤੇ ਫਿਰ ਲੋਕਾਂ ਦੇ ਆਉਣ ਜਾਣ ਦਾ ਕੋਈ ਸਾਧਨ ਨਹੀਂ ਹੁੰਦਾ।
ਕਿਹੜੇ ਨੇ ਇਹ 7 ਪਿੰਡ ?: ਰਾਵੀ ਦਰਿਆ ਤੋਂ ਪਾਰ ਪੈਂਦੇ 7 ਪਿੰਡ ਭਰਿਆਲ, ਤੂਰਬਾਨੀ, ਰਾਏਪੁਰ ਚਿੱਬ, ਮੰਮੀ ਚਕਰੰਗਾਂ, ਕਜਲੇ, ਝੁੰਬਰ, ਲਸਿਆਣ ਆਦਿ ਪਿੰਡਾਂ ਦੇ ਲੋਕ ਅਕਸਰ ਹਰ ਸਾਲ ਸਰਕਾਰ ਤੋਂ ਪੱਕੇ ਪੁੱਲ ਦੀ ਆਸ ਰੱਖਦੇ ਹਨ ਪਰ ਸਿਵਾਏ ਲਾਰਿਆਂ ਦੇ ਕੁਝ ਨਹੀਂ ਮਿਲਦਾ।
14 ਵਿੱਚੋਂ ਵਸ ਰਹੇ 7 ਪਿੰਡ: ਰਾਵੀ ਦਰਿਆ ਤੋਂ ਪਾਰ ਵੱਸਦੇ 7 ਪਿੰਡਾਂ ਦਾ ਹਾਲ ਬਿਆਨ ਕਰਦੇ ਹੋਏ ਦਰਿਆ ਤੋਂ ਪਾਰ ਵੱਸਦੇ ਪਿੰਡ ਤੂਰਬਾਨੀ ਦੇ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਪੱਤਣ ਤੋਂ ਪਾਰ 14 ਪਿੰਡ ਸਨ ਪਰ ਇਸ ਦਰਿਆ ਤੋਂ ਪਾਰ ਵੱਸਦੇ ਪਿੰਡਾਂ ਦੀ ਕਿਸੇ ਨੇ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਇਸ ਪਿੰਡ ਦੇ ਲੋਕ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰਦੇ ਸਨ ਜਿਸ ਕਰਕੇ ਇੰਨ੍ਹਾਂ 14 ਪਿੰਡਾਂ ਵਿੱਚੋਂ 7 ਪਿੰਡਾਂ ਦੇ ਲੋਕ ਇਸ ਇਲਾਕੇ ਅਤੇ ਜ਼ਮੀਨਾਂ ਨੂੰ ਛੱਡ ਇੱਥੋਂ ਜਾ ਚੁੱਕੇ ਹਨ।
ਪੱਕਾ ਪੁੱਲ ਬਣਾਉਣ ਦੀ ਮੰਗ: ਹੁਣ ਸਿਰਫ 7 ਪਿੰਡ ਹੀ ਮੌਜ਼ੂਦ ਹਨ ਜਿੰਨ੍ਹਾਂ ਦੀ ਆਬਾਦੀ ਪਹਿਲਾ 10 ਹਜ਼ਾਰ ਦੇ ਕਰੀਬ ਸੀ ਪਰ ਹੁਣ 2500 ਦੇ ਕਰੀਬ ਇੰਨ੍ਹਾਂ ਪਿੰਡਾਂ ਦੀ ਆਬਾਦੀ ਹੈ। ਉਨ੍ਹਾਂ ਕਿਹਾ ਕਿ ਕਈ ਸਰਕਾਰਾਂ ਆਈਆਂ ਪਰ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਰਾਵੀ ਦਰਿਆ ’ਤੇ ਪੱਕਾ ਪੁੱਲ ਬਣਾਉਣ ਲਈ ਕਈਆਂ ਨੇ ਵਾਅਦੇ ਕੀਤੇ ਪਰ ਪੂਰਾ ਕਿਸੇ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪਿੰਡਾ ਦੇ ਲੋਕਾਂ ਦੀ ਇੱਕੋ ਮੰਗ ਹੈ ਕਿ ਇਸ ਜਗ੍ਹਾ ਅਤੇ ਪੱਕਾ ਪੁੱਲ ਬਣਾਇਆ ਜਾਵੇਂ ਤਾਂ ਜੋ ਇਹ ਲੋਕ ਵੀ ਆਪਣੇ ਆਪ ਨੂੰ ਭਾਰਤ ਦੇਸ਼ ਦਾ ਹਿੱਸਾ ਸਮਝ ਸਕਣ।
ਮਕੌੜਾ ਪੱਤਣ 'ਤੇ ਦੋ ਦਰਿਆਵਾਂ ਦਾ ਹੁੰਦਾ ਹੈ ਮੇਲ: ਜ਼ਿਕਰਯੋਗ ਹੈ ਕਿ ਮਕੌੜਾ ਪੱਤਣ 'ਤੇ ਦੋ ਦਰਿਆਵਾਂ ਦਾ ਮੇਲ ਹੁੰਦਾ ਹੈ। ਇੱਕ ਜੰਮੂ-ਕਸ਼ਮੀਰ ਤੋਂ ਆਉਂਦਾ ਬਰਸਾਤੀ ਦਰਿਆ ਉਝ ਤੇ ਦੂਜਾ ਸ਼ਿਵਾਲਿਕ ਦੀਆਂ ਪਹਾੜੀਆਂ 'ਚੋਂ ਨਿਕਲ ਕੇ ਮਾਧੋਪੁਰ ਤੋਂ ਹੁੰਦਾ ਹੋਇਆ ਸਦਾ ਬਹਾਰ ਦਰਿਆ ਰਾਵੀ ਇਸ ਜਗ੍ਹਾ ’ਤੇ ਉਝ ਦਰਿਆ ਨਾਲ ਮਿਲ ਕੇ ਇੱਕ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਜਗ੍ਹਾ 'ਤੇ ਵਿਭਾਗ ਵੱਲੋਂ ਹਰ ਸਾਲ ਆਰਜ਼ੀ ਪਲਟੂਨ ਪੁੱਲ ਅਕਤੂਬਰ-ਨਵੰਬਰ ਮਹੀਨੇ ਵਿੱਚ ਪਾਇਆ ਜਾਂਦਾ ਹੈ ਅਤੇ ਬਰਸਾਤ ਦਾ ਮੌਸਮ ਆਉਣ 'ਤੇ ਚੁੱਕ ਲਿਆ ਜਾਂਦਾ ਹੈ ਜੋ ਕਿ ਦਰਿਆ ਦੇ ਆਰ-ਪਾਰ ਜਾਣ ਦਾ ਇੱਕਮਾਤਰ ਸਾਧਨ ਹੁੰਦਾ ਹੈ ਜਿਸ ਰਾਹੀਂ ਪਾਰ ਰਹਿੰਦੇ ਕਿਸਾਨ ਆਪਣੇ ਟ੍ਰੈਕਟਰ-ਟਰਾਲੀਆਂ ਵਿੱਚ ਖੇਤੀ ਲਈ ਲੋੜੀਂਦਾ ਸਾਮਾਨ ਲੈ ਕੇ ਜਾਂਦੇ ਹਨ। ਇਸ ਵਾਰ ਵਿਭਾਗ ਵੱਲੋਂ 15 ਦਿਨ ਪਹਿਲਾਂ ਹੀ ਪਲਟੂਨ ਪੁਲ ਚੁੱਕ ਲਿਆ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਡੀਜੀਪੀ ਗੌਰਵ ਯਾਦਵ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਸੂਬੇ ਵਿੱਚ ਅਪਰਾਧ ਦੀ ਸਮੀਖਿਆ ਲਈ ਕੀਤੀ ਮੀਟਿੰਗ