ਬਟਾਲਾ: ਜ਼ਹਿਰੀਲੀ ਸ਼ਰਾਬ ਦਾ ਕਹਿਰ ਮਾਝੇ ਇਲਾਕੇ ਵਿੱਚ ਵੱਡੇ ਪੱਧਰ 'ਤੇ ਵੇਖਣ ਨੂੰ ਮਿਲਿਆ ਹੈ। ਬਟਾਲਾ ਦੇ ਇਲਾਕੇ ਹਾਥੀ ਗੇਟ ਵਿੱਚ ਇੱਕੋ ਵੇਲੇ ਹੋਈਆਂ ਸੱਤ ਮੌਤਾਂ ਨੇ ਸ਼ਹਿਰ ਵਿੱਚ ਸਨਸਨੀ ਦਾ ਮਹੌਲ ਪੈਦਾ ਕਰ ਦਿੱਤਾ ਹੈ। ਇਨ੍ਹਾਂ ਸੱਤ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ। ਇਨ੍ਹਾਂ ਸੱਤ ਮੌਤਾਂ ਵਿੱਚੋਂ 4 ਮਿ੍ਰਤਕਾਂ ਦੇ ਵਾਰਸ ਇਨ੍ਹਾਂ ਮੌਤਾਂ ਦਾ ਕਾਰਨ ਜ਼ਹਿਰੀਲੀ ਸ਼ਰਾਬ ਦੱਸ ਰਹੇ ਹਨ ਅਤੇ 3 ਨੇ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਦੇ ਹੋਏ ਆਪਣੇ ਸਕਿਆਂ ਦਾ ਸਸਕਾਰ ਕਰ ਦਿੱਤਾ ਹੈ। ਇਨ੍ਹਾਂ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਹੈ ਅਤੇ ਏਡੀਸੀ ਤੇਜਿੰਦਰਪਾਲ ਸੰਧੂ, ਡੀਐੱਸਪੀ (ਸ਼ਹਿਰੀ) ਪਰਵਿੰਦਰ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਜੀਵ ਭੱਲਾ ਮੌਕੇ 'ਤੇ ਪਹੁੰਚ ਗਏ।
ਇਸ ਮੌਕੇ ਮਿ੍ਰਤਕਾਂ ਦੇ ਵਾਰਸਾਂ ਨੇ ਕਿਹਾ ਕਿ ਰਾਤ ਸਭ ਠੀਕ ਸੀ ਅਤੇ ਅੱਜ ਸਵੇਰੇ ਹੀ ਉਨ੍ਹਾਂ ਦੇ ਸਕਿਆਂ ਦੀ ਸਿਹਤ ਖਰਾਬ ਹੋਣ ਲੱਗੀ । ਇਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ ਗਿਆ ਅਤੇ ਉੱਥੇ ਪਹੁੰਦੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਇਸ ਸਾਰੇ ਮਾਮਲੇ ਬਾਰੇ ਏਡੀਸੀ ਗੁਰਦਾਸਪੁਰ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਮਿ੍ਰਤਕਾਂ ਦੇ ਵਾਰਸ ਜਿਸ ਤਰ੍ਹਾਂ ਦੇ ਵੀ ਬਿਆਨ ਲਿਖਾਉਣ ਗਏ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਜੇਕਰ ਇਸ ਮਾਮਲੇ ਵਿੱਚਣ ਜ਼ਹਿਰੀਲੀ ਸ਼ਰਾਬ ਵਾਲਾ ਕੋਈ ਤੱਤ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਜੀਵ ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਹੋਰ ਬਿਮਾਰ ਵਿਅਕਤੀ ਹੈ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਵੇ।ਉਨ੍ਹਾਂ ਕਿਹਾ ਜੋ ਮੌਤਾਂ ਹੋਈਆਂ ਹਨ ਉਨ੍ਹਾਂ ਦੇ ਕਾਰਨਾਂ ਦਾ ਪਤਾ ਪੋਸਟਮਾਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਇਸੇ ਦੌਰਾਨ ਪੁਲਿਸ ਨੇ ਸ਼ਾਮ ਤੱਕ ਅਣਪਛਾਤੇ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਸਹਿਤ ਮਾਮਲਾ ਦਰਜ ਕਰ ਲਿਆ ਹੈ। ਡੀਐੱਸਪੀ (ਸ਼ਹਿਰੀ) ਪਰਵਿੰਦਰ ਕੌਰ ਨੇ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।