ਗੁਰਦਾਸਪੁਰ: ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਅਤੇ ਆਪਣੀਆਂ ਹੋਰਨਾਂ ਮੰਗਾਂ ਨੂੰ ਲੈ ਕੇ 108 ਐਂਬੂਲੈਂਸ (108 ambulance workers strike across punjab) ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਪੂਰੇ ਪੰਜਾਬ ’ਚ ਐਂਬੂਲੈਂਸ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਦੌਰਾਨ ਪੰਜਾਬ ਭਰ ਦੇ 1500 ਕਰਮਚਾਰੀ ਹੜਤਾਲ ’ਤੇ ਚਲੇ ਗਏ ਹਨ।
ਇਸੇ ਤਰ੍ਹਾਂ ਹੀ ਗੁਰਦਾਸਪੁਰ ਵਿਖੇ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ 25 ਐਂਬੂਲੈਂਸਾਂ ਬੰਦ ਕਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਨੈਸ਼ਨਲ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਣਗੇ।
ਧਰਨਾ ਪ੍ਰਦਰਸ਼ਨ ਕਰ ਰਹੇ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਕਿਹਾ ਕਿ ਉਹ ਪਿਛਲੇ 11 ਸਾਲਾਂ ਤੋਂ ਵਿਭਾਗ ਵਿੱਚ ਕੰਮ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਇੰਕਰੀਮੈਂਟ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਕਰਮਚਾਰੀਆਂ ਦੀ ਹਫ਼ਤਾਵਰੀ ਛੁੱਟੀਆਂ ਵੀ ਬੰਦ ਕਰ ਦਿੱਤੀ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਜਿਸ ਕਰਕੇ ਸਮੁੱਚੇ ਐਂਬੂਲੈਂਸ ਕਰਮਚਾਰੀਆਂ ਵਿਚ ਰੋਸ ਦੀ ਲਹਿਰ ਹੈ। ਇਸ ਲਈ ਉਨ੍ਹਾਂ ਵੱਲੋਂ ਪੂਰੇ ਪੰਜਾਬ ਭਰ ਵਿੱਚ 230 ਦੇ ਕਰੀਬ ਐਂਬੂਲੈਂਸਾਂ ਬੰਦ ਕਰ 1500 ਦੇ ਕਰੀਬ ਕਰਮਚਾਰੀ ਹੜਤਾਲ ’ਤੇ ਚਲੇ ਗਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਹੜਤਾਲ ਦੌਰਾਨ ਜੇਕਰ ਕਿਸੇ ਮਰੀਜ਼ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ। ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਉਹ ਨੈਸ਼ਨਲ ਹਾਈਵੇ ਜਾਮ ਕਰਨ ਦੇ ਲਈ ਮਜਬੂਰ ਹੋਣਗੇ।
ਇਹ ਵੀ ਪੜੋ: ਪੀਐਮ ਦੇ ਕਾਫਲੇ ਦੇ ਰੁਕਣ ਸਮੇਂ ਭਾਜਪਾ ਆਗੂ ਸਨ ਉਥੇ ਮੌਜੂਦ, ਕਾਂਗਰਸ ਵੱਲੋਂ ਵੀਡੀਓ ਜਾਰੀ