ਜ਼ੀਰਾ: ਇੱਕ 55 ਸਾਲਾ ਗ੍ਰੰਥੀ ਸਿੰਘ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਜ਼ੀਰਾ ਪੁਲਿਸ ਨੇ ਸੁਲਝਾ ਲਿਆ ਹੈ। ਬੀਤੀ 28 ਸਤੰਬਰ ਨੂੰ ਜ਼ੀਰਾ ਦੀ ਅਵਾਨ ਰੋਡ ਉੱਤੇ ਸਥਿਤ ਇੱਕ 55 ਸਾਲਾ ਦਾ ਗ੍ਰੰਥੀ ਸਿੰਘ ਦੇ ਘਰ ਉੱਤੇ ਲੁੱਟਾਂ-ਖੋਹਾਂ ਵਾਲੇ ਗਿਰੋਹ ਨੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ।
ਜਾਣਕਾਰੀ ਮੁਤਾਬਕ ਹਮਲਾ ਕਰਨ ਤੋਂ ਬਾਅਦ ਗਿਰੋਹ ਘਰ ਦਾ ਸਾਰਾ ਕੀਮਤੀ ਚੋਰੀ ਕਰ ਕੇ ਲੈ ਗਿਆ ਸੀ।
ਡੀ.ਐੱਸ.ਪੀ. ਰਾਜਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਅਵਾਨ ਰੋਡ ਉੱਤੇ ਹੋਏ ਗ੍ਰੰਥੀ ਸਿੰਘ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦੇ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਲੱਗ-ਅਲੱਗ ਥਿਊਰੀਆਂ ਉੱਤੇ ਕੰਮ ਕਰਦੇ ਹੋਏ ਵਾਰਦਾਤ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਵਿੱਚੋਂ 2 ਨੂੰ ਕਾਬੂ ਕਰ ਲਿਆ ਗਿਆ ਹੈ।
ਰੰਧਾਵਾ ਨੇ ਦੱਸਿਆ ਕਿ ਕਾਬੂ ਕੀਤੇ ਗਏ 2 ਦੋਸ਼ੀਆਂ ਦਾ ਨਾਂਅ ਚਾਹਤ ਉਰਫ਼ ਜਾਨ ਅਤੇ ਕਾਜ਼ਮ ਮਰਿੰਦਾ ਜੋ ਕਿ ਉੱਤਰ ਪ੍ਰਦੇਸ਼ ਦੇ ਵਾਸੀ ਹਨ। ਇਹ ਮੰਡੀਆਂ ਵਿੱਚ ਛੋਲੇ ਅਤੇ ਦਾਣੇ ਵੇਚਣ ਦਾ ਕੰਮ ਕਰਦੇ ਹਨ। ਇਹ ਦਿਨ ਵੇਲੇ ਗਲੀਆਂ ਵਿੱਚ ਦਾਣੇ ਵੇਚਣ ਦੇ ਬਹਾਨੇ ਨਾਲ ਜਾਂਦੇ ਅਤੇ ਜਾਇਜ਼ਾ ਲੈ ਲੈਂਦੇ ਸਨ ਕਿ ਕਿਸ ਘਰ ਵਿੱਚ ਚੋਰੀ ਕਰਨੀ ਹੈ ਅਤੇ ਬਾਅਦ ਵਿੱਚ ਰਾਤ ਦੇ ਸਮੇਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਡੀ.ਐੱਸ.ਪੀ ਦਾ ਕਹਿਣਾ ਹੈ ਕਿ ਗਿੱਦੜਬਾਹਾ ਵਿਖੇ ਇੱਕ ਔਰਤ ਉੱਤੇ ਚੋਰੀ ਦੇ ਇਰਾਦੇ ਨਾਲ ਕੀਤਾ ਹਮਲਾ ਵੀ ਇਸੇ ਗਿਰੋਹ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ 2 ਦੋਸ਼ੀਆਂ ਕੋਲੋਂ ਵਾਰਦਾਤ ਮੌਕੇ ਵਰਤੇ ਗਏ ਡੰਡੇ ਵੀ ਕਾਬੂ ਕੀਤੇ ਗਏ ਹਨ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।