ਫ਼ਿਰੋਜ਼ਪੁਰ : ਕਸਬਾ ਮੱਖੂ ਨੇੜਲੇ ਪਿੰਡ ਜੱਲਾ ਚੌਕੀ ਦਾ ਨੌਜਵਾਨ ਜੋ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ, ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਤਲ ਸਵਾਰੀ ਬਣ ਕੇ ਆਏ ਲੋਕਾਂ ਵੱਲੋਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਮੱਖੂ 'ਚ ਟੈਕਸੀ ਸਟੈਂਡ 'ਤੇ ਸਵਿਫਟ ਕਾਰ ਚਲਾਉਣ ਦਾ ਕੰਮ ਕਰਦਾ ਸੀ, ਜਿਸ ਦੀ ਤਨਖਾਹ ਨਾਲ ਆਪਣੇ ਬੱਚਿਆਂ ਦਾ ਪੇਟ ਪਾਲ ਰਿਹਾ ਸੀ।
ਬੀਤੀ ਸ਼ਾਮ ਦੋ ਅਣਪਛਾਤੇ ਵਿਅਕਤੀ ਸੁਖਵਿੰਦਰ ਸਿੰਘ ਦੀ ਕਾਰ ਕੋਲ ਆਏ ਤੇ ਗੱਡੀ ਕੋਟੀ ਸੇਖਾਂ ਲਈ ਕਿਰਾਏ 'ਤੇ ਲੈ ਗਏ। ਗੱਡੀ ਕਿਰਾਏ 'ਤੇ ਲੈ ਕੇ ਗਏ ਇਨ੍ਹਾਂ ਬਦਮਾਸ਼ਾਂ ਨੇ ਰਸਤੇ ਵਿੱਚ ਉਸ ਦਾ ਕਤਲ ਕਰ ਕੇ ਉਸ ਤੋਂ ਕਾਰ ਖੋਹ ਕੇ ਫ਼ਰਾਰ ਹੋ ਗਏ।
ਸੁਖਵਿੰਦਰ ਸਿੰਘ ਦੀ ਲਾਸ਼ ਅੱਜ ਸਵੇਰੇ ਪੀਰ ਮੁਹੰਮਦ ਤੋਂ ਪੰਮੀ ਵਾਲਾ ਲਿੰਕ ਰੋਡ 'ਤੇ ਮਿਲੀ। ਮ੍ਰਿਤਕ ਦੇ ਮੂੰਹ 'ਤੇ ਖੂਨ ਦੇ ਨਿਸ਼ਾਨ ਵੀ ਹਨ।
ਇਸ ਬਾਰੇ ਜਦ ਥਾਣਾ ਮੁਖੀ ਦੇ ਐਸਐਚਓ ਦਵਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਤੇ ਰੋਡ ਅਤੇ ਪਿੰਡ ਵਿੱਚ ਲੱਗੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ ਜਲਦੀ ਤੋਂ ਜਲਦੀ ਗੱਡੀ ਤੇ ਮੁਲਜ਼ਮ ਫੜ ਲਏ ਜਾਣਗੇ।