ਫਿਰੋਜ਼ਪੁਰ: ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਜ਼ੀਰਾ ਵਿਚ ਸਫ਼ਾਈ ਪੰਦਰਵਾੜਾ ਮਨਾਉਂਦੇ ਹੋਏ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਗੌਰਮਿੰਟ ਸਕੂਲ ਜ਼ੀਰਾ ਦੇ ਬੱਚਿਆਂ ਵੱਲੋਂ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਕੱਢਿਆ ਗਿਆ ਅਤੇ ਲੋਕਾਂ ਨੂੰ ਸਫ਼ਾਈ ਰੱਖਣ ਦਾ ਸੰਦੇਸ਼ ਦਿੱਤਾ। ਇਸ ਰੋਡ ਸ਼ੋਅ ਵਿੱਚ ਖ਼ਾਸ ਤੌਰ ਤੇ ਵਿਧਾਇਕ ਨਰੇਸ਼ ਕਟਾਰੀਆ ਤੇ ਜ਼ੀਰਾ ਤੋਂ ਪ੍ਰਿੰਸੀਪਲ ਰਾਕੇਸ਼ ਸ਼ਰਮਾ ਜਿਨ੍ਹਾਂ ਨੂੰ ਇਸ ਸਫ਼ਾਈ ਪੰਦਰਵਾੜੇ ਦਾ ਬਰੈਂਡ ਅੰਬੈਸਡਰ ਬਣਾਇਆ ਗਿਆ।
ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਪ੍ਰਸ਼ਾਸਨ ਦੇ ਨਾਲ-ਨਾਲ ਖੁਦ ਨੂੰ ਵੀ ਸਫਾਈ ਤੇ ਪਲਾਸਟਿਕ ਦੀ ਵਰਤੋਂ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਈ ਵੀ ਚੀਜ਼ ਖਾਂਦੇ ਹਾਂ ਤਾਂ ਉਸ ਦੇ ਛਿਲਕੇ ਸੜਕ ਉੱਤੇ ਸੁੱਟ ਦਿੰਦੇ ਹਾਂ ਜਦਕਿ ਸਾਨੂੰ ਇਨ੍ਹਾਂ ਨੂੰ ਕਿਸੇ ਲਿਫ਼ਾਫ਼ੇ ਵਿੱਚ ਪਾ ਕੇ ਨਗਰ ਕੌਂਸਲ ਵੱਲੋਂ ਰੱਖੇ ਡੱਬੇ ਵਿੱਚ ਸੁੱਟਣਾ ਚਾਹੀਦਾ ਹੈ।
ਉਨ੍ਹਾਂ ਨੂੰ ਜਦ ਪੁੱਛਿਆ ਕਿ ਪਲਾਸਟਿਕ ਦੇ ਲਿਫ਼ਾਫ਼ੇ ਤੇ ਪਲਾਸਟਿਕ ਡਿਸਪੋਜ਼ਲ ਦੀ ਵਰਤੋਂ ਹਰ ਜਗ੍ਹਾ ਹੁੰਦੀ ਹੈ ਭਾਵੇਂ ਉਹ ਕਿਸੇ ਛੋਟੇ ਵਿਅਕਤੀ ਦਾ ਪ੍ਰੋਗਰਾਮ ਹੋਵੇ ਚਾਹੇ ਵਿਧਾਇਕ ਜਾ ਸੀਐੱਮ ਦਾ ਇਸ ’ਤੇ ਰੋਕ ਕਿਉਂ ਨਹੀਂ ਲਗਾਈ ਜਾਂਦੀ ਇਸ ਬਾਰੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਇਸ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਸਰਕਾਰ ਵੱਲੋਂ ਜਲਦ ਹੀ ਇਸ ਉੱਪਰ ਕਾਰਵਾਈ ਕੀਤੀ ਜਾਵੇਗੀ ਜੇ ਫਿਰ ਵੀ ਕੋਈ ਵਿਅਕਤੀ ਇਸ ਦੀ ਵਰਤੋਂ ਕਰਦਾ ਹੈ ਤੇ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਖ਼ੁਦ ਨੂੰ ਸੁਧਾਰਨਾ ਪਵੇਗਾ, ਫਿਰ ਹੀ ਅਸੀਂ ਕਿਸੇ ਤੇ ਉਂਗਲ ਚੁੱਕ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਖੁਦ ਥੈਲੇ ਦੀ ਵਰਤੋਂ ਕਰਦਾ ਹਾਂ ਤੇ ਸਕੂਲ ਦੇ ਬੱਚਿਆਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਸਭ ਕੁਝ ਸਰਕਾਰਾ ਉੱਪਰ ਨਹੀਂ ਸੁੱਟ ਸਕਦੇ, ਬਲਕਿ ਖੁਦ ਨੂੰ ਵੀ ਇਸ ਦੀ ਜ਼ਿੰਮੇਵਾਰੀ ਚੁੱਕਣੀ ਪਵੇਗੀ ਉਸ ਸਮੇਂ ਹੀ ਇਸ ਪਲਾਸਟਿਕ ਅਤੇ ਗੰਦਗੀ ਤੋਂ ਛੁਟਕਾਰਾ ਮਿਲ ਸਕੇਗਾ।
ਇਹ ਵੀ ਪੜੋ: NSUI ਦੇ ਵਿਦਿਆਰਥੀਆਂ ਦੀ ਪੁਲਿਸ ਨਾਲ ਧੱਕਾ ਮੁੱਕੀ, ਮਾਰੀਆਂ ਪਾਣੀਆਂ ਬੁਛਾੜਾਂ