ਫਿਰੋਜ਼ਪੁਰ: ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਵੱਲੋਂ ਅਹਿਮੀ ਮੀਟਿੰਗ ਸੱਦੀ ਗਈ। ਇਸ ਦੌਰਾਨ ਅਹਿਮ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਜਿੰਨਾਂ ਵਿਚੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਰਾਹੀਂ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਸਮੇਤ ਸੰਗਠਿਤ ਅੰਤਰ-ਰਾਜੀ ਅਪਰਾਧਾਂ ਨਾਲ ਨਜਿੱਠਣ ਲਈ ਨੀਤੀ ਘੜੀ ਗਈ। ਉਥੇ ਹੀ ਦੂਜੇ ਪਾਏ ਅਪਰਾਧ ਅਤੇ ਅਪਰਾਧੀਆਂ ਉੱਤੇ ਠੱਲ ਪਾਉਣ ਲਈ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਦਾ ਸਿੰਘਮ ਐਸ ਐਚ ਓ ਇੱਕ ਵਾਰ ਫਿਰ ਸੁਰਖੀਆਂ ਵਿੱਚ ਫਿਲਮੀ ਸਟਾਈਲ ਵਿੱਚ ਇਕੱਠੇ 6 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : DGPs Meeting: ਅਹਿਮ ਮੁੱਦਿਆਂ ਉੱਤੇ ਵੱਖ-ਵੱਖ ਸੂਬਿਆਂ ਦੇ ਡੀਜੀਪੀਜ਼ ਦੀ ਮੀਟਿੰਗ
ਫਿਲਮੀ ਸਟਾਈਲ SHO: ਇਸ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਵੀ ਹੋਈ ਹੈ। ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਦੇ ਥਾਣਾ ਸਿਟੀ ਦੇ ਐਸ ਐਚ ਓ ਵੱਲੋਂ ਕੁੱਝ ਮਹੀਨੇ ਪਹਿਲਾਂ ਫਿਲਮੀ ਸਟਾਇਲ ਵਿੱਚ ਇੱਕ ਨਸ਼ਾ ਤਸਕਰ ਨੂੰ ਗਿਰਫਤਾਰ ਕੀਤਾ ਸੀ। ਜਿਸ ਤੋਂ ਬਾਅਦ ਉਹ ਕੁੱਝ ਦਿਨ ਲਗਾਤਾਰ ਸੁਰਖੀਆਂ ਵਿੱਚ ਰਹੇ ਸਨ। ਜੇਕਰ ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਐਸ ਐਚ ਓ ਮੋਹਿਤ ਧਵਨ ਫਿਲਮੀ ਸਟਾਈਲ ਵਿੱਚ ਨਜਰ ਆਏ ਹਨ। ਦਰਅਸਲ ਬੀਤੀ ਰਾਤ ਫਿਰੋਜ਼ਪੁਰ ਦੇ ਮੱਲਵਾਲ ਰੋਡ 'ਤੇ ਜਦ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਕੁੱਝ ਕਾਰ ਸਵਾਰਾਂ ਨੇ ਪੁਲਿਸ ਨੂੰ ਦੇਖ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਸ਼ੱਕ ਹੋਣ 'ਤੇ ਜਦ ਪੁਲਿਸ ਨੇ ਆਪਣੀ ਗੱਡੀ ਮੋੜੀ ਤਾਂ ਕਾਰ ਸਵਾਰ ਇਹਨਾਂ ਘਬਰਾ ਗਏ ਕਿ ਉਨ੍ਹਾਂ ਨੇ ਸ਼ਹਿਰ ਦੇ ਭੀੜ ਭਾੜ ਇਲਾਕੇ ਵਿੱਚ ਦੀ ਆਪਣੀ ਗੱਡੀ ਭਜਾ ਲਈ ਜਿਨ੍ਹਾਂ ਦਾ ਪਿੱਛਾ ਕਰਦਿਆਂ ਐਸ ਐਚ ਓ ਮੋਹਿਤ ਧਵਨ ਦੇ ਹੱਥ 'ਤੇ ਸੱਟ ਵੀ ਲੱਗ ਗਈ। ਪਰ ਐਸ ਐਚ ਓ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਫਿਰੋਜ਼ਪੁਰ ਦੀ ਮੋਦੀ ਮਿੱਲ ਦੇ ਨਜਦੀਕ ਜਾਕੇ ਸਵਿਫਟ ਕਾਰ ਵਿੱਚ ਸਵਾਰ 6 ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤਾ ਗਿਆ।
ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ: ਫਿਰੋਜ਼ਪੁਰ ਵਿੱਚ ਸਿੰਘਮ ਐਸ ਐਚ ਓ ਮੋਹਿਤ ਧਵਨ ਵੱਲੋਂ ਫੜੇ ਗਏ 6 ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦਿਆਂ ਐਸ ਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਫੜੇ ਗਏ ਨਸ਼ਾ ਤਸਕਰਾਂ ਕੋਲੋਂ 100 ਗ੍ਰਾਮ ਹੈਰੋਇਨ ਅਤੇ ਇੱਕ ਪਿਸਟਲ ਅਤੇ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ 6 ਨਸ਼ਾ ਤਸਕਰ ਗੁਰੂਹਰਸਹਾਏ ਦੇ ਰਹਿਣ ਵਾਲੇ ਹਨ। ਜਿਨ੍ਹਾਂ ਵਿਚੋਂ ਦੋ ਲੋਕਾਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਨ੍ਹਾਂ ਖਿਲਾਫ਼ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਵੀ ਪੁਛਗਿੱਛ ਜਾਰੀ ਹੈ।