ਫਾਜ਼ਿਲਕਾ: ਬੀਤੀ ਰਾਤ ਪਿੰਡ ਚੱਕ ਜਾਨੀਸਰ ਵਿਖੇ ਦਲਿਤ ਨੌਜਵਾਨ ਨੂੰ ਕੁਝ ਹੋਰ ਨੌਜਵਾਨਾਂ ਵੱਲੋਂ ਕੁੱਟਮਾਰ ਕਰਕੇ ਉਸ ਨੂੰ ਪਿਸ਼ਾਬ ਪਿਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਸ ਮਾਮਲੇ ਦਾ ਐਸਸੀ ਕਮਿਸ਼ਨ ਨੇ ਨੋਟਿਸ ਲਿਆ ਤੇ ਮੁਕੱਦਮੇ 'ਚ ਐਸਸੀ ਐਕਟ ਦੀ ਧਾਰਾ ਦਾ ਵਾਧਾ ਕੀਤਾ ਹੈ।
ਅੱਜ ਇਸ ਮਾਮਲੇ 'ਚ ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਕਰਨਵੀਰ ਇੰਦੌਰਾ ਨੇ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਤੋਂ ਮਾਮਲੇ ਦੀ ਜਾਣਕਾਰੀ ਲੈਣ ਲਈ ਅਬੋਹਰ ਐਸਡੀਐਮ ਦਫ਼ਤਰ ਬੁਲਾਇਆ ਤੇ ਮਾਮਲੇ 'ਚ ਬਣਦੀ ਕਾਰਵਾਈ ਸਮੇਤ ਦਰਜ ਮੁਕੱਦਮੇ 'ਚ ਐਸਸੀ ਐਕਟ ਦੀ ਧਾਰਾ ਦਾ ਵਾਧਾ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਦਰਜ ਮੁਕਦਮੇ 'ਚ ਐਸਸੀ ਐਕਟ ਦਾ ਵਾਧਾ ਕੀਤਾ।
ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਨੇ ਕਿਹਾ ਕਿ ਪੀੜਤ ਵਿਅਕਤੀ ਵੱਲੋਂ ਉਸ ਨੂੰ ਪਿਸ਼ਾਬ ਪਿਲਾਉਣ ਦੇ ਦੋਸ਼ ਦੀ ਕਿਸੇ ਵੀ ਪੱਖੋਂ ਹਲੇ ਪੁਸ਼ਟੀ ਨਹੀਂ ਹੋਈ ਤੇ ਮਾਮਲਾ ਪਿੰਡ ਦੀ ਸਿਆਸਤ ਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਨਾਲ ਕੁੱਟਮਾਰ ਵਾਲੀ ਵਾਇਰਲ ਵੀਡੀਓ ਵਿੱਚੋਂ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫਤਾਰੀ ਕੀਤੀ ਜਾਵੇਗੀ।
ਉੱਥੇ ਹੀ ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਕਰਨਵੀਰ ਇੰਦੌਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਸਸੀ ਐਕਟ ਲਗਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਅਗਲੀ ਕਾਰਵਾਈ ਜੋ ਵੀ ਹੋਵੇਗੀ, ਉਹ ਪੁਲਿਸ ਵੱਲੋਂ ਕੀਤੀ ਜਾਵੇਗੀ।