ਫ਼ਿਰੋਜਪੁਰ: ਸਰਹੱਦ ਨਾਲ ਲੱਗਦੇ ਇਲਾਕੇ ਮਮਦੋਟ ਵਿਖੇ ਛੇ ਮਹੀਨੇ ਪਹਿਲਾਂ ਸਵੱਛ ਭਾਰਤ ਮੁਹਿੰਮ ਦੇ ਤਹਿਤ ਪਬਲਿਕ ਟਾਇਲਟ ਤਿਆਰ ਕਰਵਾਏ ਗਏ ਸੀ। ਜੋ ਅਜੇ ਤੱਕ ਬੰਦ ਪਏ ਹਨ। ਇਹ ਪਖਾਨੇ ਖ਼ਾਸ ਤੌਰ 'ਤੇ ਇਸ ਇਲਾਕੇ ਵਿੱਚ ਰਹਿਣ ਵਾਲੇ ਮਜ਼ਦੂਰ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਤਿਆਰ ਕੀਤੇ ਗਏ ਸਨ। ਪਿਛਲੇ ਛੇ ਮਹੀਨਿਆਂ ਤੋਂ ਹੁਣ ਤੱਕ ਇਨ੍ਹਾਂ ਉੱਤੇ ਤਾਲੇ ਲੱਗਣ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਬਾਰੇ ਲੋਕਾਂ ਨੇ ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਸਾਂਝੀ ਕੀਤੀ। ਲੋਕਾਂ ਨੇ ਦੱਸਿਆ ਕਿ 'ਸਵੱਛ ਭਾਰਤ' ਮੁਹਿੰਮ ਤਹਿਤ ਨਗਰ ਪੰਚਾਇਤ ਦੀ ਅਗਵਾਈ 'ਚ 7 ਪਬਲਿਕ ਟਾਇਲਟ ਖੋਲੇ ਜਾਣੇ ਸੀ ਪਰ ਇਸ ਮਾਮਲੇ ਵਿੱਚ ਠੇਕੇਦਾਰ ਦੀ ਲਾਪਰਵਾਹੀ ਅਤੇ ਨਗਰ ਪੰਚਾਇਤ ਦੀ ਢਿੱਲ ਕਾਰਨ ਇਸ ਦਾ ਕੰਮ ਅੱਧ ਵਿਚਾਲੇ ਲਟਕਿਆ ਹੋਇਆ ਹੈ। 6 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਇਨ੍ਹਾਂ ਟਾਇਲਟਸ ਨੂੰ ਪੂਰੀ ਤਰ੍ਹਾਂ ਤਿਆਰ ਨਹੀਂ ਕੀਤਾ ਗਿਆ। ਇਨ੍ਹਾਂ ਵਿੱਚ ਪਾਣੀ ਦੀ ਸਪਲਾਈ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਤਿਆਰ ਟਾਇਲਟਸ ਦੇ ਦਰਵਾਜ਼ਿਆਂ ਉੱਤੇ ਤਾਲੇ ਲਗਾਏ ਗਏ ਹਨ। ਇਸ ਕਾਰਨ ਲੋਕਾਂ ਨੂੰ ਪਖਾਨੇ ਲਈ ਖੇਤਾਂ ਵਿੱਚ ਜਾਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਲੋਕਾਂ ਨੂੰ ਅਜੇ ਤੱਕ ਇਸ ਸੁਵਿਧਾ ਦਾ ਕੋਈ ਫ਼ਾਇਦਾ ਨਹੀਂ ਮਿਲਿਆ ਹੈ ਅਤੇ ਲੋਕ ਖੁੱਲ੍ਹੇ ਵਿੱਚ ਸ਼ੌਚ ਜਾਣ ਲਈ ਮਜ਼ਬੂਰ ਹਨ।
ਇਸ ਬਾਰੇ ਨਗਰ ਪੰਚਾਇਤ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਅਧਿਕਾਰੀ ਸੁੱਚਾ ਸਿੰਘ ਨੇ ਸਬੰਧਤ ਠੇਕੇਦਾਰ ਉੱਤੇ ਕੰਮ ਵਿੱਚ ਅਣਗਿਹਲੀ ਕੀਤੇ ਜਾਣ ਦਾ ਦੋਸ਼ ਲਗਾਇਆ। ਉਨ੍ਹਾਂ ਠੇਕੇਦਾਰ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਠੇਕੇਦਾਰ ਦੀਆਂ ਸੇਵਾਵਾਂ ਨੂੰ ਬਲੈਕਲਿਸਟ ਕਰਕੇ ਉਸ ਦੀ ਬਕਾਇਆ ਰਾਸ਼ੀ ਨੂੰ ਰੋਕਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਮਮਦੋਟ ਵੱਲੋਂ ਨਿਜੀ ਤੌਰ 'ਤੇ ਇਨ੍ਹਾਂ ਪਬਲਿਕ ਟਾਇਲਟਾਂ ਦੀ ਉਸਾਰੀ ਦੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਤਿਆਰ ਕਰਕੇ ਲੋਕਾਂ ਲਈ ਖੋਲ ਦਿੱਤਾ ਜਾਵੇਗਾ।