ਫਿਰੋਜ਼ਪੁਰ: ਸ਼ਹਿਰ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਮੁੱਖੀ ਨੇ ਆਪਣੀ ਬੇਟੀ ਤੇ ਭਤੀਜੇ ਦੇ ਨਾਲ-ਨਾਲ ਵੱਡੇ ਭਰਾ ਨੂੰ ਨਾਲ ਲੈ ਕੇ ਕਾਰ ਨਹਿਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਤੋਂ ਬਾਅਦ ਨਹਿਰ ਵਿੱਚ ਡੁੱਬ ਜਾਣ ਕਾਰਨ ਚਾਰਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੁਹੱਲਾ ਬੁੱਧ ਵਾੜਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਉਰਫ਼ ਰਾਜੂ 33 ਸਾਲਾ ਨੇ ਆਪਣੇ 11 ਸਾਲਾ ਭਤੀਜੇ ਅਗਮ, 11 ਸਾਲਾ ਬੇਟੀ ਗੁਰਲੀਨ ਅਤੇ ਆਪਣੇ ਵੱਡੇ ਭਰਾ ਹਰਪ੍ਰੀਤ ਉਰਫ ਬੰਟੂ ਨੂੰ ਨਾਲ ਲੈ ਕੇ ਘੱਲ ਖੁਰਦ ਨਹਿਰ ਵਿੱਚ ਕਾਰ ਸੁਟ ਦਿੱਤੀ। ਇਸ ਮੌਕੇ 'ਤੇ ਪਹੁੰਚੇ ਗੋਤਾਖੋਰਾਂ ਵੱਲੋਂ ਕਾਰ ਨੂੰ ਨਹਿਰ ਵਿੱਚੋਂ ਜਦ ਬਾਹਰ ਕੱਢਿਆ ਤਾਂ ਚਾਰਾਂ ਦੀ ਮੌਤ ਹੋ ਚੁੱਕੀ ਸੀ।
ਮਰਨ ਤੋਂ ਪਹਿਲਾਂ ਫੇਸਬੁੱਕ 'ਤੇ ਲਾਈਵ ਹੋ ਸੁਣਾਈ ਕਹਾਣੀ: ਮ੍ਰਿਤਕ ਜਸਵਿੰਦਰ ਸਿੰਘ ਨੇ ਮਰਨ ਤੋਂ ਪਹਿਲਾਂ ਫੇਸਬੁੱਕ ਉੱਤੇ ਲਾਈਵ ਹੋ ਕੇ ਆਪਣੀ ਪ੍ਰੇਸ਼ਾਨੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ "ਮੇਰੀ ਪਤਨੀ ਦੇ ਸਬੰਧ ਕਿਸੇ ਹੋਰ ਨਾਲ ਹਨ ਜਿਸ ਬਾਰੇ ਉਸ ਦੀ ਮਾਂ ਅਤੇ ਭੈਣ ਨੂੰ ਵੀ ਪਤਾ ਹੈ, ਪਰ ਉਸ ਨੂੰ ਨਹੀਂ ਦੱਸਿਆ। ਕੁਝ ਦਿਨ ਪਹਿਲਾਂ ਪਤਨੀ ਸਾਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਇਸ ਤੋਂ ਬਾਅਦ ਦਾ ਮੈਂ ਬਹੁਤ ਪ੍ਰੇਸ਼ਾਨ ਹਾਂ ਅਤੇ ਮੈਂ ਆਪਣਾ ਪਰਿਵਾਰ ਖ਼ਤਮ ਕਰਨ ਜਾ ਰਿਹਾ ਹਾਂ।"
ਇਸ ਮੌਕੇ ਜਾਂਚ ਕਰ ਰਹੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਉਰਫ ਰਾਜੂ ਦੋ ਦਿਨ ਪਹਿਲਾਂ ਆਪਣੀ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੇ ਮਰਨ ਦੀ ਦਾਸਤਾਨ ਸੁਣਾ ਰਿਹਾ ਸੀ। ਉੱਥੇ ਹੀ ਪੁੱਤਰ ਦਿਵਿਆਂਸ਼ ਅਤੇ ਉਸ ਦੇ ਭਰਾ ਸੋਨੂੰ ਨੇ ਜਾਣਕਾਰੀ ਦਿੱਤੀ ਕਿ ਜਸਵਿੰਦਰ ਸਿੰਘ ਉਰਫ ਰਾਜੂ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ ਕਿਉਂਕਿ ਉਸ ਦੀ ਪਤਨੀ ਘਰ ਤੋਂ ਕਿਸੇ ਨਾਲ ਚਲੀ ਗਈ ਸੀ। ਇਸ ਕਾਰਨ ਜਸਵਿੰਦਰ ਸਿੰਘ ਉਰਫ ਰਾਜੂ ਕਾਫ਼ੀ ਪ੍ਰੇਸ਼ਾਨ ਸੀ ਤੇ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮੌਕੇ ਪਹੁੰਚੇ ਐੱਸਐੱਚਓ ਅਭਿਨਵ ਚੌਹਾਨ ਨੇ ਦੱਸਿਆ ਕਿ ਚਾਰਾਂ ਦੀ ਮੌਤ ਹੋ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: SGPC ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ, ਦੁਪਹਿਰ ਨੂੰ ਹੋਵੇਗੀ ਚੋਣ ਪ੍ਰਕਿਰਿਆ ਸ਼ੁਰੂ