ਫਿਰੋਜ਼ਪੁਰ: ਪੰਜਾਬ ਸਰਕਾਰ ਨੇ ਵਿਆਹ ਸ਼ਾਦੀਆਂ ਵਿੱਚ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ, ਤਾਂ ਜੋ ਵਿਆਹ ਸ਼ਾਦੀਆਂ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ, ਪਰ ਵਿਆਹ ਸ਼ਾਦੀਆਂ ਵਿੱਚ ਮਾਮੂਲੀ ਝਗੜਿਆਂ ਕਾਰਨ ਹੋਣ ਵਾਲੀਆਂ ਹਿੰਸਕ ਝੜਪਾਂ ਕਾਰਨ ਕਤਲਾਂ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ।
ਮਾਮੂਲੀ ਝਗੜੇ ਕਾਰਨ ਇੱਕ ਦੀ ਮੌਤ: ਤਾਜ਼ਾ ਮਾਮਲਾ ਫਿਰੋਜ਼ਪੁਰ ਸ਼ਹਿਰ ਦੇ ਇਲਾਕੇ ਵਿੱਚ ਪੈਦੇ ਸਿਟੀ ਪਾਰਕ ਪਲਾਜ਼ਾ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇ ਇੱਕ ਪੈਲੇਸ ਵਿੱਚ ਚੱਲਦੇ ਵਿਆਹ ਸਮਾਗਮ ਦੌਰਾਨ ਮਾਮੂਲੀ ਤਕਰਾਰ ਇੰਨੀ ਜਿਆਦਾ ਵਧ ਗਈ ਕਿ ਇੱਕ ਧਿਰ ਨੇ ਦੂਜੀ ਧਿਰ ਦੇ ਇੱਕ ਵਿਅਕਤੀ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਜ਼ਖਮੀ ਰਣਜੀਤ ਸਿੰਘ ਨੂੰ ਜਦੋਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਤੇਜ਼ਵਾਰ ਹੋਣ ਕਾਰਨ ਵਿਅਕਤੀ ਦੀ ਮੌਤ: ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜਦੋਂ ਰਣਜੀਤ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਛਾਤੀ 'ਤੇ ਤੇਜ਼ਵਾਰ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਵਿਆਹ ਸਮਾਗਮ ਨੂੰ ਲੈ ਕੇ ਦੋ ਗੁੱਟਾਂ ਵਿਚ ਝਗੜਾ: ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਣਜੀਤ ਸਿੰਘ ਦੇ ਚਚੇਰੇ ਭਰਾ ਨੇ ਦੱਸਿਆ ਕਿ ਵਿਆਹ ਸਮਾਗਮ ਨੂੰ ਲੈ ਕੇ ਦੋ ਗੁੱਟਾਂ ਵਿਚ ਝਗੜਾ ਹੋ ਗਿਆ ਸੀ ਅਤੇ ਰਣਜੀਤ ਸਿੰਘ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਹਮਲਾਵਰਾਂ ਨੇ ਉਸ ਦੇ ਭਰਾ 'ਤੇ ਹੀ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਾਮਲੇ ਦੀ ਕੀਤੀ ਜਾ ਰਹੀ ਜਾਂਚ: ਉੱਥੇ ਹੀ ਇਸ ਘਟਨਾਸਥਾਨ ਉੱਤੇ ਪਹੁੰਚੀ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦਾ ਬਿਆਨ ਦਰਜ ਕਰ ਲਿਆ ਹੈ। ਉਨ੍ਹਾਂ ਵੱਲੋਂ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜੋ: ਕਿਸਾਨਾਂ ਦਾ ਸਰਕਾਰ ਖ਼ਿਲਾਫ਼ ਹੱਲਾ ਬੋਲ, ਕਈ ਸ਼ਹਿਰਾਂ ਵਿੱਚ ਚੱਕਾ ਜਾਮ !