ਫਿਰੋਜ਼ਪੁਰ: ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਨੇ ਜਲਾਲਾਬਾਦ ਵਿਖੇ ਵਿਧਾਇਕ ਰਮਿੰਦਰ ਸਿੰਘ ਆਂਵਲਾ ਦੀ ਕੋਠੀ ਦਾ ਘਿਰਾਓ ਕੀਤਾ। ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਇਥੇ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। ਵਰਕਰਾਂ ਵੱਲੋਂ ਇਹ ਧਰਨਾ ਆਪਣੀ ਹੱਕੀ ਮੰਗਾਂ ਤੇ ਸੂਬੇ ਦੇ ਸਿਹਤ ਮੰਤਰੀ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਕੀਤਾ ਗਿਆ।
ਇਸ ਬਾਰੇ ਯੂਨੀਅਨ ਆਗੂ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਤਿੰਨ ਸਾਲ ਤੋਂ ਲਗਾਤਾਰ ਉਮਰ ਹੱਦ ਛੋਟ ਸਣੇ ਸਿਹਤ ਵਿਭਾਗ 'ਚ ਖਾਲ੍ਹੀ ਪਈ ਅਸਾਮੀਆਂ ਨੂੰ ਭਰਨ ਦੀ ਮੰਗ ਕਰਦੇ ਆ ਰਹੇ ਹਨ। ਇਸ ਦੇ ਲਈ ਉਹ ਦੋ ਵਾਰ ਇਥੋਂ ਦੇ ਵਿਧਾਇਕ ਰਮਿੰਦਰ ਸਿੰਘ ਆਂਵਲਾ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਨੂੰ ਮਹਿਜ਼ ਭਰੋਸਾ ਹੀ ਦਵਾਇਆ ਜਾਂਦਾ ਹੈ।
ਜਲਾਲਾਬਾਦ ਦੀ ਜ਼ਿਮਨੀ ਚੋਣ ਮੌਕੇ ਬੇਰੁਜ਼ਗਾਰਾਂ ਵੱਲੋਂ ਜਲਾਲਾਬਾਦ ਵਿਖੇ ਲਗਾਏ ਪੱਕੇ ਮੋਰਚੇ ਦੌਰਾਨ ਆਂਵਲਾ ਦੇ ਯਤਨਾਂ ਨਾਲ ਖ਼ੁਦ ਸਿਹਤ ਮੰਤਰੀ ਨੇ ਧਰਨੇ 'ਚ ਸ਼ਿਰਕਤ ਕਰਕੇ ਮੰਗਾਂ ਮੰਨੇ ਜਾਣ ਦਾ ਭਰੋਸਾ ਦੇ ਕੇ ਖਤਮ ਕਰਵਾਇਆ ਸੀ। ਕੁੱਝ ਸਮਾਂ ਪਹਿਲਾਂ ਬਿਨਾਂ ਉਮਰ ਹੱਦ ਛੋਟ ਦਿੱਤੇ 200 ਅਸਾਮੀਆਂ ਲਿਖਤ ਪ੍ਰੀਖਿਆ ਹੋਈ ਹੈ। ਸਿਹਤ ਵਿਭਾਗ ਪੰਜਾਬ ਵਿੱਚ ਉਮਰ ਹੱਦ ਛੋਟ ਸਮੇਤ ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਦੇ ਇਸ਼ਤਿਹਾਰ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਸਤੰਬਰ ਮਹੀਨੇ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਗਾ ਇਆ ਸੀ। ਜਿਸ ਨੂੰ ਆਂਵਲਾ ਨੇ ਖ਼ੁਦ, ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਖ਼ਤਮ ਕਰਵਾਇਆ ਸੀ। ਉਨ੍ਹਾਂ ਆਖਿਆ ਕਿ ਦੋ ਮਹੀਨੇ ਬੀਤ ਜਾਣ ਮਗਰੋਂ ਵੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਜਿਸ ਦੇ ਚਲਦੇ ਉਨ੍ਹਾਂ ਨੂੰ ਮੁੜ ਵਿਧਾਇਕ ਦੀ ਕੋਠੀ ਦਾ ਘਿਰਾਓ ਕਰਨਾ ਪਿਆ। ਉਨ੍ਹਾਂ ਇਸ ਸਬੰਧ 'ਚ ਵਿਧਾਇਕ ਨੂੰ ਮੁੜ ਤੋਂ ਮੰਗ ਪੱਤਰ ਸੌਂਪਿਆ ਤੇ ਜਲਦ ਤੋਂ ਜਲਦ 31 ਦਸੰਬਰ 2020 ਤੋਂ ਪਹਿਲਾਂ ਖਾਲ੍ਹੀ ਅਸਾਮੀਆਂ ਭਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਵਿਧਾਇਕ ਰਵਿੰਦਰ ਸਿੰਘ ਆਂਵਲਾ ਨੇ ਕਿਹਾ ਕਿ ਉਨ੍ਹਾਂ ਯੂਨੀਅਨ ਵੱਲੋਂ ਸੌਪਿਆ ਗਿਆ ਮੰਗ ਪੱਤਰ ਲੈ ਲਿਆ ਹੈ। ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੀਟਿੰਗ ਕਰਕੇ ਵਰਕਰਾਂ ਦੀ ਸਮੱਸਿਆ ਹੱਲ ਕਰਵਾਏ ਜਾਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੀਆ ਮੰਗਾਂ ਸਬੰਧੀ 10 ਨਵੰਬਰ ਨੂੰ ਸਿਹਤ ਮੰਤਰੀ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਈ ਜਾਵੇਗੀ।