ਫ਼ਿਰੋਜ਼ਪੁਰ: ਕੋਰੋਨਾ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਮੁਲਾਜ਼ਮਾਂ ਨੂੰ ਬੀਤੇ 7 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ। ਭੁੱਖ ਨਾਲ ਵਿਲਕਦੇ ਬੱਚਿਆਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣੇ ਲਹੂ ਨਾਲ ਭਿੱਜੀ ਹੋਈ ਚਿੱਠੀ ਲਿਖੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚਿਆਂ ਨੇ ਭਰੇ ਮਨ ਨਾਲ ਦੱਸਿਆ ਕਿ ਘਰ ਵਿਚ ਦਾਲ-ਰੋਟੀ ਦਾ ਮਸਲਾ ਬਣ ਚੁੱਕਾ ਹੈ। ਤਨਖ਼ਾਹਾਂ ਨਾ ਮਿਲਣ ਕਾਰਨ ਮਾਪੇ ਉਨ੍ਹਾਂ ਦੀਆਂ ਸਕੂਲ ਫੀਸਾਂ ਵੀ ਨਹੀਂ ਦੇ ਸਕੇ ਤੇ ਸਕੂਲਾਂ ਦੇ ਪ੍ਰਬੰਧਕਾਂ ਨੇ ਉਨ੍ਹਾਂ ਦੀ ਪੜ੍ਹਾਈ ਨਹੀਂ ਹੋਣ ਦਿੱਤੀ ਹੈ।
ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਤਾਂ ਬਣਾ ਦਿੱਤਾ ਪਰ ਕਾਲਜ ਦੇ ਪ੍ਰੋਫੈਸਰਾਂ, ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੀ ਤਨਖਾਹ ਲਈ ਹਾਲੇ ਤਕ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਹੈ। ਸਰਕਾਰ ਨੇ ਯੂਨੀਵਰਸਿਟੀ ਬਣਾਉਣ ਸਮੇਂ ਦਾਅਵਾ ਕੀਤਾ ਸੀ ਕਿ 15 ਕਰੋੜ ਦੀ ਗਰਾਂਟ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਨਿੱਜੀ ਖੇਤਰ ਦੇ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ ਹੋਣ 'ਤੇ ਪਰਿਵਾਰ ਨੂੰ ਮਿਲੇਗਾ 7 ਲੱਖ ਦਾ ਬੀਮਾ
ਸਟਾਫ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੋਰੋਨਾ ਦੇ ਔਖੇ ਦੌਰ ਵਿਚ ਯੂਨੀਵਰਸਿਟੀ ਦਾ ਸਟਾਫ ਆਨਲਾਈਨ ਕਲਾਸਾਂ ਅਤੇ ਦਫ਼ਤਰੀ ਕੰਮ ਕਰ ਰਿਹਾ ਹੈ। ਤਨਖ਼ਾਹ ਨਾ ਮਿਲਣ ਕਾਰਨ ਬੁਰਾ ਹਾਲ ਹੈ।