ਫਿਰੋਜ਼ਪੁਰ: ਕਰਨਾਲ ਤੋਂ ਵਿਸਫੋਟਕ ਸਮੇਤ ਫੜ੍ਹੇ ਗਏ 4 ਸ਼ੱਕੀ ਅੱਤਵਾਦੀਆਂ ਦੇ 2 ਸਾਥੀ ਅਕਾਸ਼ਦੀਪ ਅਤੇ ਜਸ਼ਨਪ੍ਰੀਤ ਸਿੰਘ ਨੂੰ ਫਿਰੋਜ਼ਪੁਰ ਪੁਲਿਸ ਨੇ ਇੱਕ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਤੋਂ ਪੁੱਛਗਿੱਛ ਕਰਨ ਅਤੇ ਰਿਮਾਂਡ ਲੈਣ 'ਤੇ ਉਨ੍ਹਾਂ ਦੇ ਸਾਥੀ ਸੁਖਬੀਰ ਸਿੰਘ ਉਰਫ ਜਸ਼ਨ ਦੇ ਖੇਤ ਦੀ ਮੋਟਰ ਤੋਂ 2 ਪਿਸਤੌਲ 9 ਐੱਮਐੱਮ 78 ਜਿੰਦਾ ਕਾਰਤੂਸ ਅਤੇ ਇੱਕ ਲੈਪਟਾਪ ਬਰਾਮਦ ਕੀਤਾ ਗਿਆ ਹੈ। ਸੁਖਬੀਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਬਾਕੀ ਹੈ, ਜਿਸ ਦੀ ਭਾਲ ਜਾਰੀ ਹੈ।
ਐਸਐਸਪੀ ਫਿਰੋਜ਼ਪੁਰ ਚਰਨਜੀਤ ਸਿੰਘ ਸੋਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨਵੰਬਰ 2021 ਵਿਚ ਜ਼ੀਰਾ ਤਲਵੰਡੀ ਹਾਈਵੇਅ 'ਤੇ ਇਕ ਗ੍ਰਨੇਡ ਬਰਾਮਦ ਹੋਇਆ ਸੀ, ਜਿਸ ਨੂੰ ਅਕਾਸ਼ਦੀਪ ਨੇ ਰੱਖਿਆ ਸੀ। ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਸੀ। ਪਾਕਿਸਤਾਨ ਵਿੱਚ ਬੈਠੇ ਹਰਿੰਦਰ ਸਿੰਘ ਉਰਫ਼ ਰਿੰਦਾ ਨੇ ਇਨ੍ਹਾਂ ਲੋਕਾਂ ਨੂੰ ਮੈਸੇਜ ਕਰਕੇ ਥਾਂ ਦੱਸਦਾ ਸੀ, ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਡਰੋਨ ਰਾਹੀਂ ਕਈ ਖੇਪਾਂ ਮੰਗਵਾਈਆਂ ਜਾ ਚੁੱਕੀਆਂ ਹਨ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਦੇ ਸਾਥੀ ਸੁਖਬੀਰ ਸਿੰਘ ਦੇ ਖੇਤ ਤੋਂ ਹਥਿਆਰ ਬਰਾਮਦ ਹੋਏ ਹਨ, ਉਹ ਅਜੇ ਤੱਕ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇਨ੍ਹਾਂ ਤੋਂ ਆਉਣ ਵਾਲੇ ਸਮੇਂ 'ਚ ਵੱਡੇ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ: ਰੰਜਿਸ਼ ਦੇ ਚੱਲਦਿਆ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ