ਫਿਰੋਜ਼ਪੁਰ : ਫਿਰੋਜ਼ਪੁਰ ਵਿੱਚ ਗੋਲ਼ੀ ਚੱਲਣ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਹੁਣ ਤਾਂ ਇੰਝ ਜਾਪਦਾ ਹੈ ਕਿ ਲੋਕਾਂ ਦੇ ਮਨਾਂ ਅੰਦਰੋਂ ਪੁਲਿਸ ਦਾ ਖੌਫ਼ ਖਤਮ ਹੋ ਚੁੱਕਿਆ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਉਤੇ ਜ਼ਮੀਨ ਦੀ ਵੱਟ ਦੇ ਰੌਲ਼ੇ ਨੂੰ ਲੈਕੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਹੈ ਅਤੇ ਗੱਡੀ ਦੀ ਭੰਨਤੋੜ ਕੀਤੀ ਗਈ ਹੈ। ਬੜੀ ਮੁਸ਼ਕਲ ਨਾਲ ਪੱਤਰਕਾਰ ਨੇ ਆਪਣੀ ਜਾਨ ਬਚਾਈ ਹੈ। ਦੂਸਰੇ ਪਾਸੇ ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਮੀਨ ਦੇ ਰੌਲ਼ੇ ਨੂੰ ਲੈ ਕੇ ਕੀਤਾ ਹਮਲਾ : ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿੱਚ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਉਤੇ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਬੇਰੀ ਵਾਲੇ ਦਾ ਰਹਿਣ ਵਾਲਾ ਹੈ ਅਤੇ ਉਸਦੀ ਜ਼ਮੀਨ ਨਾਲ ਦਰਸ਼ਨ ਸਿੰਘ, ਸੁਖਚੈਨ ਸਿੰਘ ਅਤੇ ਰਣਜੀਤ ਸਿੰਘ ਦੀ ਜ਼ਮੀਨ ਲੱਗਦੀ ਅਤੇ ਵੱਟ ਨਾਲ ਵੱਟ ਸਾਂਝੀ ਹੈ, ਜਿਸਨੂੰ ਲੈਕੇ ਉਹ ਲਗਾਤਾਰ ਉਸਨੂੰ ਅਤੇ ਉਸਦੇ ਪਿਤਾ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਪੱਤਰਕਾਰ ਨੇ ਭੱਜ ਕੇ ਬਚਾਈ ਜਾਨ : ਇਸੇ ਦੇ ਚਲਦਿਆਂ ਕੱਲ੍ਹ ਵੀ ਉਸਦੇ ਬੰਦਿਆਂ ਉਤੇ ਹਮਲਾ ਕੀਤਾ ਗਿਆ ਸੀ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਜਦੋਂ ਉਹ ਰੋਟੀ ਲੈਣ ਲਈ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਮੋਟਰਸਾਈਕਲ ਉਤੇ ਸਵਾਰ ਰਣਜੀਤ ਸਿੰਘ ਅਤੇ ਇੱਕ ਹੋਰ ਨੌਜਵਾਨ ਨੇ ਉਸਤੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਉਸਦੀ ਗੱਡੀ ਦੀ ਭੰਨਤੋੜ ਕੀਤੀ ਗਈ, ਜਿਸ ਦੌਰਾਨ ਉਸ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਉਸਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਲੋਕਾਂ ਨੂੰ ਜਲਦ ਗ੍ਰਿਫਤਾਰ ਕਰੇ ਅਤੇ ਸਖਤ ਤੋਂ ਸਖਤ ਕਾਰਵਾਈ ਕਰੇ ਕਿਉਂਕਿ ਇਹਨਾਂ ਲੋਕਾਂ ਕੋਲੋਂ ਉਸਨੂੰ ਜਾਨ ਦਾ ਖਤਰਾ ਹੈ।
ਦੂਸਰੇ ਪਾਸੇ ਜਦੋਂ ਇਸ ਪੂਰੇ ਮਾਮਲੇ ਨੂੰ ਲੈਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਪੱਤਰਕਾਰ ਗੁਰਪ੍ਰੀਤ ਸਿੰਘ ਦੇ ਬਿਆਨਾਂ ਉਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।