ਅੰਮ੍ਰਿਤਸਰ: ਸੂਬੇ ’ਤੇ ਡੀਏਪੀ ਖਾਦ ਦੀ ਘਾਟ (shortage of DAP fertilizer) ਸੰਕਟ ਮੰਡਰਾ ਰਿਹਾ ਹੈ। ਖਾਦ ਦੀ ਘਾਟ ਨੂੰ ਲੈ ਕੇ ਪੰਜਾਬ ਦਾ ਕਿਸਾਨ (Farmers) ਚਿੰਤਾ ਦੇ ਵਿੱਚ ਡੁੱਬਿਆ ਵਿਖਾਈ ਦੇ ਰਿਹਾ ਹੈ। ਡੀਏਪੀ ਖਾਦ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ ਤੇ ਸੂਬਾ ਤੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ (Protest) ਕਰ ਰਹੇ ਹਨ। ਕਿਸਾਨਾਂ ਦਾ ਕਹਿਣੈ ਕਿ ਪਹਿਲਾਂ ਕੁਦਰਤ ਦੇ ਕਹਿਰ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਹੁਣ ਦੂਜੇ ਪਾਸੇ ਡੀਏਪੀ ਖਾਦ ਦੀ ਘਾਟ ਨੂੰ ਲੈ ਕੇ ਕਿਸਾਨਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਦੇ ਕਿਸਾਨਾਂ ਵੀ ਡੀਏਪੀ ਦੀ ਖਾਦ ਨੂੰ ਲੈ ਕੇ ਪਰੇਸ਼ਾਨ ਵਿਖਾਈ ਦੇ ਰਹੇ ਹਨ।
ਝੋਨੇ ਦੀ ਕਟਾਈ ਤੋਂ ਬਾਅਦ ਹੁਣ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਕਣਕ ਦੀ ਫਸਲ ਦੀ ਬਿਜਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਸਰਹੱਦੀ ਇਲਾਕੇ ਵਿਚ ਡੀਏਪੀ ਦੀ ਕਿੱਲਤ ਹੋਣ ਦੇ ਚਲਦੇ ਕਿਸਾਨਾਂ ਵਿਚ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਕਿਸਾਨ ਸੁਸਾਇਟੀਆਂ ਦੇ ਚੱਕਰ ਕੱਟ ਰਹੇ ਹਨ ਉੱਥੇ ਹੀ ਕਿਸਾਨ ਦੂਜੇ ਪਾਸੇ ਬਾਜ਼ਰਾਂ ਵਿੱਚ ਬਲੈਕ ਅਤੇ ਮਹਿੰਗੇ ਰੇਟਾਂ ’ਤੇ ਡੀਏਪੀ ਲੈ ਰਹੇ ਹਨ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਪਿੰਡਾਂ ਵਿਚ ਬਣੀਆਂ ਸੁਸਾਇਟੀਆਂ ਵਿੱਚ ਡੀਏਪੀ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਦੁਕਾਨਾਂ ਤੋਂ ਮਹਿੰਗੇ ਰੇਟਾਂ ’ਤੇ ਡੀਏਪੀ ਖਰੀਦਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਡੀਏਪੀ ਦਾ ਇੱਕ ਥੈਲਾ 1200 ਰੁਪਏ ਦਾ ਮਿਲਦਾ ਸੀ ਹੁਣ ਉਹ 1600 ਰੁਪਏ ਤੱਕ ਮਿਲ ਰਿਹਾ ਹੈ ਅਤੇ ਦੁਕਾਨਦਾਰ ਉਸ ਨਾਲ ਵੀ ਹੋਰ ਸਾਮਾਨ ਖਰੀਦਣ ਦੀ ਸ਼ਰਤ ਰੱਖ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਤੋਂ ਹੀ ਡੀਏਪੀ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਡੀਏਪੀ ਦਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਭਵਿੱਖ ਵਿੱਚ ਕਿਸੇ ਕਿਸਾਨ ਦੀ ਫਸਲ ਦੇਰੀ ਨਾਲ ਬੀਜੀ ਹੋਣ ਕਰਕੇ ਉਸਦਾ ਕੋਈ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ: Reopening Kartarpur Corridor: ਪੰਜਾਬ ਭਾਜਪਾ ਵਫਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ