ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਸਦਰ ਥਾਣਾ ਜ਼ੀਰਾ ਦੀ ਨਵੀਂ ਬਣੀ ਇਮਾਰਤ ਦਾ ਡੀ.ਸੀ ਗੁਰਪਾਲ ਸਿੰਘ ਚਹਿਲ ਅਤੇ ਐੱਸ.ਐੱਸ.ਪੀ ਭਗੀਰਥ ਮੀਨਾ ਵਲੋਂ ਰਸਮੀ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਜਿਥੇ ਪੁਲਿਸ ਵਿਭਾਗ ਦੇ ਕਰਮਚਾਰੀ ਮੌਜੂਦ ਸੀ ਤਾਂ ਉਥੇ ਹੀ ਇਲਾਕੇ ਦੇ ਕਈ ਪਤਵੰਤੇ ਸੱਜਣ ਵੀ ਹਾਜ਼ਰ ਸੀ। ਇਸ ਸਬੰਧੀ ਡੀ.ਸੀ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਤਿੰਨ ਨਵੇਂ ਥਾਣੇ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਣਿਆਂ 'ਚ ਵਿਸ਼ੇਸ਼ ਤੌਰ 'ਤੇ ਹਰ ਤਰ੍ਹਾਂ ਦੇ ਕਮਰੇ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ 'ਚ ਐਸ.ਐਚ.ਓ, ਮੁਨਸ਼ੀ ਅਤੇ ਮੀਟਿੰਗ ਲਈ ਵੱਖੋ-ਵੱਖਰੇ ਕਮਰੇ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਸੀਸੀਟੀਵੀ ਸਰਵਰ ਰੂਮ, ਤਫਤੀਸ਼ੀ ਕਮਰਾ, ਹਵਾਲਾਤੀਆਂ ਲਈ ਜਨਾਨਾ ਅਤੇ ਮਰਦਾਨਾ ਹਵਾਲਾਤ, ਵੇਟਿੰਗ ਰੂਮ ਅਤੇ ਰਸੋਈ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਦਾ ਥਾਣਾ ਸਦਰ ਕੁੱਲ ਦੋ ਕਰੋੜ ਇੱਕੀ ਲੱਖ ਦੀ ਲਾਗਤ ਨਾਲ ਇੱਕ ਸਾਲ 'ਚ ਤਿਆਰ ਕਰਕੇ ਥਾਣਾ ਸਦਰ ਜ਼ੀਰਾ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਸ ਮੌਕੇ ਪਹੁੰਚੇ ਐੱਸਐੱਸਪੀ ਭਗੀਰਥ ਮੀਨਾ ਵਲੋਂ ਜਿਥੇ ਇਲਾਕਾ ਵਾਸੀਆਂ ਨੂੰ ਨਵੇਂ ਬਣੇ ਥਾਣੇ ਲਈ ਮੁਬਾਰਕਬਾਦ ਦਿੱਤੀ, ਉਥੇ ਹੀ ਉਨ੍ਹਾਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਮੌਕੇ 'ਤੇ ਪਹੁੰਚੇ ਪੰਚਾਂ ਸਰਪੰਚਾਂ ਨੂੰ ਕਿਹਾ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਇਸ ਬੀਮਾਰੀ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵੀ ਜਾਗਰੂਕ ਕੀਤਾ ਜਾਵੇ।
ਇਹ ਵੀ ਪੜ੍ਹੋ:ਕੈਪਟਨ ਵੱਲੋਂ ਪੰਜਾਬ 'ਚ ਭਾਜਪਾ ਆਗੂਆਂ ਦੀ ਸੁਰੱਖਿਆ ਯਕੀਨੀ ਕਰਨ ਦੇ ਆਦੇਸ਼