ਤਰਨ ਤਾਰਨ: ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਪੈਂਦੇ ਇਤਿਹਾਸਕ ਨਗਰ ਸਰਹੰਦ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਹਲਕਾ ਖੇਮਕਰਨ ਦੇ ਪਿੰਡ ਭਗਵਾਨਪੁਰਾ ਦੇ ਦੋ ਨੌਜਵਾਨਾਂ ਦੀ ਖੰਨਾ ਨਜ਼ਦੀਕ ਭਿਆਨਕ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਅਵਤਾਰ ਸਿੰਘ ਉਰਫ ਤਾਰੂ ਪੁੱਤਰ ਸੰਤੋਖ ਸਿੰਘ ਜਿਸ ਦੀ ਉਮਰ ਕਰੀਬ 32 ਸਾਲ ਹੈ ਅਤੇ ਦੂਸਰੇ ਨੌਜਵਾਨ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਉਮਰ ਕਰੀਬ 15 ਸਾਲ ਦੱਸੀ ਜਾ ਰਹੀ ਹੈ।
ਸੋਗ ਦੀ ਲਹਿਰ ਛਾਈ
ਖੰਨਾ ਦੇ ਸਿਵਲ ਹਸਪਤਾਲ ਵਿਖੇ ਮ੍ਰਿਤਕਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ। ਇਸ ਦੁਖਦਾਈ ਖ਼ਬਰ ਦੇ ਨਾਲ ਪੂਰੇ ਹਲਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਿੰਡ ਭਗਵਾਨਪੁਰ ਦੇ ਸਰਪੰਚ ਗੁਰਲਾਲ ਸਿੰਘ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦਾ ਇਸ ਤਰ੍ਹਾਂ ਐਕਸੀਡੈਂਟ ਵਿੱਚ ਦੁਨੀਆਂ ਤੋਂ ਚਲੇ ਜਾਣਾ ਜਿੱਥੇ ਪਰਿਵਾਰ ਲਈ ਵੱਡਾ ਘਾਟਾ ਹੈ ਉੱਥੇ ਹੀ ਪਿੰਡ ਲਈ ਵੀ ਵੱਡਾ ਘਾਟਾ ਹੈ।
ਇਨਸਾਫ਼ ਦੀ ਮੰਗ
ਪਿੰਡ ਵਾਸੀਆਂ ਨੇ ਕਿਹਾ ਕਿ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਉੱਥੇ ਹੀ ਪਿੰਡ ਦੇ ਬਾਕੀ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਜ਼ਖਮੀ ਹੋਏ ਹਨ। ਉਹਨਾਂ ਦੱਸਿਆ ਕਿ 15 ਸਾਲ ਦਾ ਸੁਰਿੰਦਰ ਸਿੰਘ ਆਪਣੇ ਘਰਦਿਆਂ ਦਾ ਇੱਕਲੋਤਾ ਪੁੱਤਰ ਸੀ ਅਤੇ ਇਸ ਦੇ ਪਹਿਲਾਂ ਉਸ ਦੇ ਸਿਰ ਉੱਪਰੋਂ ਬਾਪ ਅਤੇ ਚਾਚੇ ਦਾ ਸਾਇਆ ਉੱਠ ਚੁੱਕਾ ਹੈ। ਹੁਣ ਇਹ ਪਰਿਵਾਰ ਦਾ ਇਕਲੌਤਾ ਚਿਰਾਗ ਸੀ ਅਤੇ ਇਸ ਦੀ ਵੀ ਮੌਤ ਹੋ ਗਈ ਹੈ। ਸਰਪੰਚ ਗੁਰਲਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਆਪਣੇ ਪਿੱਛੇ ਰੋਂਦੀ ਹੋਈ ਮਾਤਾ ਅਤੇ ਦੋ ਭੈਣਾਂ ਨੂੰ ਛੱਡ ਗਿਆ ਹੈ। ਇਸੇ ਤਰ੍ਹਾਂ ਦੂਜਾ ਮ੍ਰਿਤਕ ਅਵਤਾਰ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਛੋਟੇ ਬੱਚੇ ਸਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਫਰਾਰ ਹੋਏ ਟਿੱਪਰ ਚਾਲਕ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾ ਸਕੇ।