ਫ਼ਿਰੋਜ਼ਪੁਰ: ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਦਰਜਨ ਤੋਂ ਵੱਧ ਲੋਕਾਂ ਨਾਲ 90 ਲੱਖ ਦੀ ਧੋਖਾਧੜੀ ਕਰਨ ਵਾਲੇ ਨੂੰ ਆਖ਼ਰ ਪੁਲਿਸ ਨੇ ਕਾਬੂ ਕਰ ਲਿਆ। ਕਥਿਤ ਦੋਸ਼ੀ ਨੇ ਸਹਿਯੋਗ ਐਗਰੀਕਲਚਰ ਦੇ ਨਾਂਅ ਤੋਂ ਗਿਰੋਹ ਚਲਾ ਰੱਖਿਆ ਸੀ। ਮੁਲਜ਼ਮ ਦੀ ਪਛਾਣ ਸੁਰਿੰਦਰ ਸੇਠੀ ਪੁੱਤਰ ਮੰਗਤ ਰਾਏ ਸੇਠੀ ਵਾਸੀ ਮਕਾਨ ਨੰਬਰ 10 ਐਮਸੀ ਕਾਲੋਨੀ ਫਾਜ਼ਿਲਕਾ ਤੇ ਉਸ ਦੀ ਪਤਨੀ ਸ਼ਵੇਤਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਸਰਕਾਰੀ ਨੌਕਰੀ ਲਗਵਾਉਣ ਲਈ ਹੁਣ ਤੱਕ 90 ਲੱਖ ਰੁਪਏ ਦਾ ਲੋਕਾਂ ਨੂੰ ਚੂਨਾ ਲਗਾ ਚੁੱਕਿਆ ਸੀ, ਜਿਸ ਖਿਲਾਫ ਥਾਣਾ ਵੈਰੋਕੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿੱਚ ਮਾਮਲਾ ਦਰਜ ਹੈ ਤੇ ਥਾਣਾ ਗੁਰੂਹਰਸਹਾਏ ਦੇ ਵਿੱਚ 10 ਜੂਨ 2019 ਨੂੰ ਵੀ 420 ਦਾ ਮਾਮਲਾ ਦਰਜ ਕੀਤਾ ਗਿਆ ਸੀ। ਗੁਰੂਹਰਸਹਾਏ ਦੀ ਪੁਲਿਸ ਮੁਲਜ਼ਮ ਨੂੰ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚੋਂ ਪ੍ਰੋਟੈਕਸ਼ਨ ਵਰੰਟ 'ਤੇ ਲੈ ਕੇ ਆਈ।
ਇਸ ਮੌਕੇ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਸੱਤ ਮਹੀਨੇ ਪਹਿਲਾਂ 420 ਦਾ ਮਾਮਲਾ ਦਰਜ ਕੀਤਾ ਸੀ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਨੌਕਰੀ ਲਗਵਾਉਣ ਲਈ ਲੋਕਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਦਰਜਨ ਤੋਂ ਵੱਧ ਲੋਕਾਂ ਨਾਲ ਠੱਗੀ ਮਾਰ ਚੁੱਕਾ ਹੈ ਅਤੇ ਲੋਕਾਂ ਨੂੰ ਜਾਅਲੀ ਜੁਆਇੰਨਿੰਗ ਲੈਟਰ ਘਰ ਭੇਜ ਦਿੰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਕੋਰਟ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।