ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਕੈਦੀਆਂ ਦੀ ਝੜਪ, ਇਕ ਕੈਦੀ ਜ਼ਖ਼ਮੀ - ਜੇਲ੍ਹ ਵਿਚ ਕੈਦੀਆਂ ਦੀ ਝੜਪ
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਕੁਝ ਕੈਦੀ ਆਪਸ ਵਿਚ ਉਲਝ ਗਏ। ਇਸ ਝੜਪ ਵਿਚ ਇਕ ਕੈਦੀ ਦੇ ਸਿਰ ਅਤੇ ਮੂੰਹ ਉਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਬੈਰਕ ਵਿਚ ਕੁਝ ਕੈਦੀਆਂ ਦੀ ਖੂਨੀ ਝੜਪ 'ਚ ਇਕ ਕੈਦੀ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਝੜਪ ਵਿਚ ਇਕ ਕੈਦੀ ਦੇ ਸਿਰ ਵਿਚ ਗੰਭੀਰ ਸੱਟ ਵੱਜੀ ਹੈ ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਆਏ ਦਿਨ ਕੇਂਦਰੀ ਜੇਲ੍ਹ ਵਿਚ ਬੰਦ ਕੈਦੀਆਂ ਨਾਲ ਕੁੱਟਮਾਰ ਕਰਨ ਦੀਆਂ ਘਟਨਾਵਾਂ ਸਾਹਮਮਣੇ ਆਉਂਦੀਆਂ ਰਹਿੰਦੀਆਂ ਹਨ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਸਜ਼ਾ ਕੱਟ ਰਹੇ ਕੁਝ ਕੈਦੀ ਬੈਰਕ ਵਿਚ ਆਪਸ ਵਿਚ ਲੜ ਪਏ। ਇਸ ਝਗੜੇ ਦੌਰਾਨ ਇਕ ਕੈਦੀ ਦੇ ਸਿਰ ਵਿਚ ਗੰਭੀਰ ਸੱਟ ਵੱਜ ਗਈ। ਇਸ ਉਤੇ ਕਾਰਵਾਈ ਕਰਦਿਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਤੁਰੰਤ ਉਕਤ ਕੈਦੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਦੌਰਾਨ ਹਸਪਤਾਲ ਵਿਖੇ ਦਾਖਲ ਕੈਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣਾ ਨਾਂ ਰੁਪਮਨਦੀਪ ਸਿੰਘ ਦੱਸਿਆ। ਉਕਤ ਕੈਦੀ ਦਾ ਕਹਿਣਾ ਹੈ ਕਿ ਉਸ ਦੀ ਬੈਰਕ ਵਿਚ ਹੀ ਨਾਲ ਦੇ ਕੈਦਿਆਂ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਝਗੜਾ ਹੋ ਗਿਆ ਤੇ ਉਸ ਦੇ ਸੱਟ ਲੱਗ ਗਈ।
ਇਹ ਵੀ ਪੜ੍ਹੋ : ਲਾਲ ਚੰਦ ਕਟਾਰੂਚੱਕ ਵੱਲੋਂ ਆਟਾ ਦਾਲ ਦੇ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਕੰਮ 'ਚ ਤੇਜ਼ੀ ਲਿਆਉਣ ਦੇ ਹੁਕਮ
ਜ਼ਿਕਰਯੋਗ ਹੈ ਕਿ ਆਏ ਦਿਨ ਕੇਂਦਰੀ ਜੇਲ੍ਹਾਂ ਵਿਚ ਕੈਦੀਆਂ ਵਿਚਕਾਰ ਝੜਪ, ਕੈਦੀਆਂ ਕੋਲੋਂ ਨਸ਼ਾ ਤੇ ਮੋਬਾਈਲ ਬਰਾਮਦ ਹੋਣ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੇਲ੍ਹ ਪ੍ਰਸ਼ਾਸਨ ਅਨੁਸਾਰ ਉਨ੍ਹਾਂ ਵੱਲੋਂ ਪੂਰੀ ਚੌਕਸੀ ਨਾਲ ਕੈਦੀਆਂ ਉਤੇ ਨਜ਼ਰ ਰੱਖੀ ਜਾਂਦੀ ਹੈ ਪਰ ਫਿਰ ਵੀ ਜੇਕਰ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਣ ਤਾਂ ਜੇਲ੍ਹ ਪ੍ਰਸ਼ਾਸਨ ਉਤੇ ਸਵਾਲੀਆ ਨਿਸ਼ਾਨ ਲਗਦਾ ਹੈ। ਹਾਲਾਂਤਿ ਸਰਕਾਰ ਵੱਲੋਂ ਵੀ ਜੇਲ੍ਹਾਂ ਦੇ ਸੁਧਾਰ ਤੇ ਸੁਰੱਖਿਆ ਨੂੰ ਯਕੀਨੀ ਬਣਾਏ ਰੱਖਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜਦੋਂ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ, ਤਾਂ ਜ਼ਮੀਨੀ ਹਕੀਕਤ ਕੁਝ ਹੋ ਜਾਪਦੀ ਹੈ।
ਇਸ ਝੜਪ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਦੂਜੇ ਕੈਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਉਕਤ ਕੈਦੀ ਹਾਲੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਹਸਪਤਾਲ ਦੇ ਡਾਕਟਰ ਸ਼ਿਵਮ ਸਿੰਗਲਾ ਦਾ ਕਹਿਣਾ ਹੈ ਕਿ ਕੈਦੀ ਦੇ ਸਿਰ ਤੇ ਮੂੰਹ ਉਤੇ ਸੱਟ ਹੈ।