ਫ਼ਿਰੋਜ਼ਪੁਰ: ਵਾਢੀ ਦੇ ਸੀਜ਼ਨ ਦੇ ਚਲਦੇ ਕੰਡਿਆਲੀ ਤਾਰੋਂ ਪਾਰ ਜਾਣ ਵਾਲੇ ਕਿਸਾਨਾਂ ਨੂੰ ਕੋਰੋਨਾ ਵਾਇਰਸ ਤੋਂ ਕਿਸ ਤਰ੍ਹਾਂ ਆਪਣਾ ਬਚਾਅ ਕਰਨਾ ਹੈ। ਇਸ ਲਈ ਅੱਜ ਬੀਐਸਐਫ ਨੇ ਆਈਜੀ ਪੰਜਾਬ ਫਰੰਟੀਅਰ ਮਹੀਪਾਲ ਯਾਦਵ ਦੀ ਅਗਵਾਈ ਵਿਚ ਇਕ ਜਾਗਰੂਕਤਾ ਕੈਂਪ ਬੀਐਸਐਫ ਫਿਰੋਜ਼ਪੁਰ ਹੈੱਡਕੁਆਰਟਰ ਵਿੱਚ ਲਾਇਆ।
ਇਸ ਦੌਰਾਨ ਕੋਰੋਨਾ ਵਾਇਰਸ ਦੀ ਪਛਾਣ ਅਤੇ ਇਸ ਤੋਂ ਬਚਾਅ ਲਈ ਮਾਹਿਰ ਡਾਕਟਰ ਨੇ ਕਿਸਾਨਾਂ ਨੂੰ ਦੱਸਿਆ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੇ ਨਾਲ ਹੀ ਬੀਐਸਐਫ ਨੇ 2500 ਲਿਟਰ ਸੋਡੀਅਮ ਹਾਈਪੋਕਲੋਰਾਈਟ ਸੋਲੂਸ਼ਨ ਕਿਸਾਨਾਂ ਨੂੰ ਵੰਡਿਆ ਜਿਸ ਨਾਲ ਉਹ ਆਪਣੇ ਪਿੰਡਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰ ਸਕਣ।
ਬੀਐਸਐਫ ਦੇ ਆਈ ਜੀ ਮਹੀਪਾਲ ਯਾਦਵ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਲਈ ਸਰਹੱਦੀ ਇਲਾਕਿਆਂ ਵਿੱਚ 48 ਜਾਗਰੂਕਤਾ ਕੈਂਪ ਲੱਗਾ ਚੁੱਕੇ ਹਨ ਤੇ ਵੱਖ-ਵੱਖ ਇਲਾਕਿਆਂ ਵਿਚ ਸਾਰੇ ਸਰਹੱਦੀ ਪਿੰਡਾਂ ਨੂੰ ਸੈਨੇਟਾਈਜ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਫੇਸ ਮਾਸਕ ਵੰਡ ਰਹੇ ਹਨ ਅਤੇ ਨਾਲ ਹੀ ਕਿਸਾਨਾਂ ਨੂੰ ਲਗਾਤਾਰ ਸਮਝਾ ਵੀ ਰਹੇ ਹਨ।