ਫ਼ਿਰੋਜ਼ਪੁਰ : ਇਸੇ ਮਹੀਨੇ ਦੀ 17 ਤਾਰੀਖ਼ ਨੂੰ ਜ਼ੀਰਾ ਵਿੱਚ ਆਰ.ਬੀ.ਐੱਲ ਨਾਂਅ ਦੇ ਇੱਕ ਨਿੱਜੀ ਬੈਂਕ ਦੇ ਸਹਾਇਕ ਮੈਨੇਜਰ ਨਿਸ਼ਾਨ ਸਿੰਘ ਤੋਂ 13 ਲੱਖ 87 ਹਜ਼ਾਰ ਰੁਪਏ ਨਾਲ ਭਰਿਆ ਬੈਗ ਤਿੰਨ ਮੋਟਰਸਾਈਕਲ ਸਵਾਰ ਖੋਹ ਕੇ ਲੈ ਗਏ ਸਨ।
ਤੁਹਾਨੂੰ ਦੱਸ ਦਈਏ ਕਿ ਇਸ ਲੁੱਟ-ਖੋਹ ਦੀ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਬੈਂਕ ਦਾ ਸਹਾਇਕ ਮੈਨੇਜਰ ਨਿਸ਼ਾਨ ਸਿੰਘ ਆਪਣੇ ਬੈਂਕ ਦੇ ਸਾਹਮਣੇ ਐੱਚ.ਡੀ.ਐੱਫ਼.ਸੀ ਬੈਂਕ ਵਿੱਚ ਨਕਦੀ ਜਮ੍ਹਾ ਕਰਵਾਉਣ ਲਈ ਲੈ ਕੇ ਜਾ ਰਿਹਾ ਸੀ।
ਐੱਸ.ਐੱਸ.ਪੀ ਭੁਪਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਸਾਨੂੰ ਸ਼ੁਰੂਆਤ ਵਿੱਚ ਹੀ ਨਿਸ਼ਾਨ ਸਿੰਘ ਉੱਤੇ ਸ਼ੱਕ ਸੀ, ਫ਼ਿਰ ਵੀ ਉਸ ਨੇ ਟੀਮ ਬਣਾ ਕੇ ਜਾਂਚ ਕਰਵਾਈ। ਜਦੋ ਨਿਸ਼ਾਨ ਸਿੰਘ ਤੋਂ ਇਸ ਵਾਰਦਾਤ ਬਾਰੇ ਸਖ਼ਤੀ ਨਾਲ ਪੁੱਛਿਆ ਗਿਆ ਤਾਂ ਉਹ ਮੰਨ ਗਿਆ।
ਇਹ ਵੀ ਪੜ੍ਹੋ : ਕੌਮਾਂਤਰੀ ਮਾਂ ਬੋਲੀ ਦਿਵਸ ਉੱਤੇ ਪੰਜਾਬੀਓ ਜ਼ਰਾ ਵਿਚਾਰੋ...
ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਲ 4 ਮੁੰਡੇ ਫੜ ਲਏ ਹਨ ਅਤੇ ਇਨ੍ਹਾਂ ਕੋਲੋਂ 13 ਲੱਖ 47 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 4 ਮੁਲਜ਼ਮਾਂ ਵਿੱਚ 1 ਨੇ ਲੁੱਟ ਦੇ ਕੁੱਝ ਪੈਸਿਆਂ ਨਾਲ ਗਹਿਣੇ ਖ਼ਰੀਦ ਲਏ ਸਨ, ਉਹ ਪੁਲਿਸ ਨੇ ਬਰਾਮਦ ਕਰ ਲਏ ਹਨ।
ਐੱਸ.ਐੱਸ.ਪੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਏਅਰ ਪਿਸਟਲ ਵੀ ਬਰਾਮਦ ਕੀਤੀ ਗਈ ਹੈ, ਜੋ ਉਨ੍ਹਾਂ ਨੇ ਡਰਾਵਾ ਦੇਣ ਵਾਸਤੇ ਰੱਖੀ ਹੋਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇੰਨ੍ਹਾਂ ਦਾ ਰਿਮਾਂਡ ਹਾਸਲ ਕਰ ਕੇ ਇੰਨ੍ਹਾਂ ਕੋਲੋ ਹੋਰ ਪੁੱਛਗਿੱਛ ਕੀਤੀ ਸ਼ੁਰੂ ਕਰ ਦਿੱਤੀ ਹੈ।