ਫ਼ਿਰੋਜ਼ਪੁਰ: ਕੇਂਦਰ ਸਰਕਾਰ ਦੇ ਤਜਵੀਜ ਹੈ ਕਿ ਕਿਸਾਨ ਦੀ ਫਸਲ ਦੀ ਅਦਾਇਗੀ ਸਿੱਧੀ ਉਸ ਦੇ ਖਾਤੇ ਵਿੱਚ ਜਾਵੇ। ਇਸ ਫ਼ੈਸਲੇ ਨੂੰ ਲਾਗੂ ਕਰਵਾਉਣ ਲਈ ਕੇਂਦਰ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਲਿਖਿਆ ਹੈ। ਇਸ ਤਜਵੀਜ਼ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵਿੱਚ ਭਾਰੀ ਰੋਹ ਪਾਇਆ ਜਾ ਰਿਹੈ। ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਸਮੂਹ ਆੜ੍ਹਤੀ, ਮਜ਼ਦੂਰ, ਕਿਸਾਨ ਅਤੇ ਅਕਾਉਟੈਂਟ ਇੱਕ ਅਪ੍ਰੈਲ ਤੋਂ ਸਮੂਹਿਕ ਹੜਤਾਲ ਜਾਣ ਲਈ ਮਜਬੂਰ ਹੋਣਗੇ।
ਵਿਜੇ ਕਾਲੜਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਫਸਲ ਸਿੱਧੇ ਤੌਰ ਤੇ ਖਰੀਦੀ ਤਾਂ ਆੜ੍ਹਤੀਆਂ ਦੀ ਰੋਜ਼ੀ ਰੋਟੀ ਖ਼ਤਰੇ ਵਿੱਚ ਪੈ ਸਕਦੀ ਹੈ। ਇਸ ਗੱਲ ਨੂੰ ਵੇਖਦਿਆਂ ਹੋਇਆਂ ਆੜ੍ਹਤੀਆਂ ਵੱਲੋਂ ਵੀ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀ ਵੇਖਦੇ ਹਾਂ ਕਿ ਜਿਵੇਂ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਆਪਣੀਆਂ ਜ਼ਮੀਨਾਂ ਅਤੇ ਨਸਲਾਂ ਨੂੰ ਬਚਾਉਣ ਲਈ ਧਰਨੇ ਤੇ ਬੈਠੀਆਂ ਹਨ ਤਾਂ ਆੜ੍ਹਤੀਏ ਵੀ ਇਸੇ ਤਰ੍ਹਾਂ ਧਰਨੇ ਤੇ ਉਨ੍ਹਾਂ ਦਾ ਸਾਥ ਦੇਣਗੇ। ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।