ਫਿਰੋਜ਼ਪੁਰ : ਦਸੰਬਰ 2017 ਵਿਚ ਪੰਚਾਇਤੀ ਚੋਣਾਂ ਦੌਰਾਨ ਜ਼ੀਰਾ ਦੇ ਕਸਬਾ ਮੱਲਾਂਵਾਲਾ ਵਿਖੇ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਨਾਜਾਇਜ਼ ਤੌਰ ਉਤੇ ਖਾਰਜ ਕਰ ਦਿੱਤੀਆਂ ਗਈਆਂ ਸਨ, ਜਿਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਹਰੀਕੇ ਪੱਤਣ ਪੁਲ ਨੂੰ ਜਾਮ ਕਰ ਕੇ ਧਰਨਾ ਦਿੱਤਾ ਗਿਆ ਸੀ ਅਤੇ 8 ਦਿਸੰਬਰ 2017 ਨੂੰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਜੀਤ ਸਿੰਘ ਮਜੀਠੀਆ ਸਮੇਤ 49 ਲੋਕਾਂ ਉਤੇ ਪਰਚਾ ਦਰਜ ਕੀਤਾ ਗਿਆ ਸੀ, ਉਸੇ ਕੇਸ ਸਬੰਧੀ ਅੱਜ ਤਰੀਕ ਸੀ ਅਤੇ ਪਰਚੇ ਵਿਚ ਨਾਮਜ਼ਦ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ (Bikram Majithia ) ਸਮੇਤ ਸਮੂਹ ਅਕਾਲੀ ਆਗੂਆਂ ਨੇ ਜ਼ੀਰਾ ਅਦਾਲਤ 'ਚ ਹਾਜ਼ਰੀ ਭਰੀ। ਇਸ ਕੇਸ ਸਬੰਧੀ ਅਗਲੀ ਤਰੀਕ 28 ਨਵੰਬਰ 2023 ਤੈਅ ਹੋਈ ਹੈ।
28 ਨਵੰਬਰ ਨੂੰ ਕੇਸ ਦੀ ਅਗਲੀ ਸੁਣਵਾਈ: ਇਸ ਸਬੰਧੀ ਐਡਵੋਕੇਟ ਗੁਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ 'ਚ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਸਮੇ ਨਾਮਜ਼ਦ ਸਾਰੇ ਮੁਲਜ਼ਮ ਜ਼ੀਰਾ ਅਦਾਲਤ 'ਚ ਪੇਸ਼ ਹੋਏ ਹਨ। ਜਿਸ 'ਚ ਇੰਨ੍ਹਾਂ ਦੇ ਬਿਆਨ ਦਰਜ ਹੋਏ ਹਨ ਅਤੇ ਕੇਸ ਆਰਗੂਮੈਂਟ 'ਤੇ ਫਿਕਸ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰਗੂਮੈਂਟ ਲਈ ਅਦਾਲਤ ਵਲੋਂ ਅਗਲੀ ਤਰੀਕ ਇਸ ਮਹੀਨੇ ਦੀ 28 ਨਵੰਬਰ ਦਿੱਤੀ ਗਈ ਹੈ।
ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ: ਇਸ ਮੋਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸਰਕਾਰ ਨੂੰ ਲੰਬੇ ਹੱਥੀ ਲਿਆ ਅਤੇ ਕਿਹਾ ਕੀ ਹੈ ਪੰਜਾਬ ਦੀ ਕਾਨੂੰਨ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਤੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋ ਰਿਹਾ ਹੈ। ਨਾਮੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈ ਅਤੇ ਵਪਾਰੀਆਂ ਨੂੰ ਜੇਲ੍ਹਾਂ ਤੋਂ ਧਮਕੀ ਭਰੇ ਫੋਨ ਆ ਰਹੇ ਹਨ, ਜਿਸ ਕਾਰਨ ਉਨ੍ਹਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ 'ਚ ਤੜਕਸਾਰ ਮੁੱਖ ਮੰਤਰੀ ਦੇ ਕਹਿਣ 'ਤੇ ਪੁਲਿਸ ਵਲੋਂ ਗੁਰਦੁਆਰਾ ਸਾਹਿਬ 'ਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਨਾਨਕ ਦੇਣ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ ਤਾਂ ਉਥੇ ਇੰਨ੍ਹਾਂ ਡਰ ਦਾ ਮਾਹੌਲ ਬਣਾ ਦਿੱਤਾ, ਜਿਸ ਲਈ ਜ਼ਿੰਮੇਵਾਰ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਹਨ।
'ਸਰਕਾਰ ਬਣੀ 'ਤੇ ਕਿਸਾਨੀ ਧਰਨੇ ਲੱਗ ਰਹੇ ਗਲਤ': ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ 'ਚ ਨਹੀਂ ਸੀ ਤਾਂ ਇਹੀ ਭਗਵੰਤ ਮਾਨ ਕਦੇ ਕਿਸਾਨਾਂ ਦੇ ਧਰਨਿਆਂ ਦੀ ਹਮਾਇਤ ਕਰਦੇ ਸੀ ਤੇ ਹੁਣ ਜਦੋਂ ਇੰਨ੍ਹਾਂ ਦੀ ਸਰਕਾਰ ਖਿਲਾਫ਼ ਤੇ ਇੰਨ੍ਹਾਂ ਦੀਆਂ ਨੀਤੀਆਂ ਖਿਲਾਫ਼ ਕਿਸਾਨ ਧਰਨੇ ਲਾ ਰਹੇ ਹਨ ਤਾਂ ਉਹ ਹੀ ਧਰਨੇ ਹੁਣ ਇੰਨ੍ਹਾਂ ਨੂੰ ਗਲਤ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਪੰਜਾਬ ਦਾ ਮਾਹੌਲ ਹੀ ਖ਼ਰਾਬ ਹੋ ਰਿਹਾ ਹੈ।
'ਮਾਈਨਿੰਗ ਰੋਕਣ ਵਾਲਿਆਂ ਦੇ ਹੋ ਰਹੇ ਕਤਲ': ਇਸ ਦੇ ਨਾਲ ਹੀ ਮਜੀਠੀਆ ਨੇ ਮੰਤਰੀ ਮੀਤ ਹੇਅਰ ਦੇ ਮੰਤਰਾਲੇ ਵਾਪਸ ਲੈਣ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਮੰਤਰੀ ਸਹੀ ਕੰਮ ਕਰ ਰਿਹਾ ਸੀ ਤਾਂ ਉਸ ਦੇ ਮਹਿਕਮੇ ਵਾਪਸ ਲੈਣ ਦਾ ਕੋਈ ਕਾਰਨ ਨਹੀਂ ਬਣਦਾ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼ੱਕ ਸੀ ਕਿ ਮੀਤ ਹੇਅਰ ਖੁਦ ਮਾਈਨਿੰਗ ਕਰਵਾ ਰਿਹਾ, ਜਿਸ ਕਾਰਨ ਉਸ ਦਾ ਮਹਿਕਮਾ ਵਾਪਸ ਲੈ ਲਿਆ ਜਦਕਿ ਉਸ ਨੂੰ ਮੰਤਰੀ ਮੰਡਲ ਤੋਂ ਬਾਹਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਥੇ ਜੋ ਮਾਈਨਿੰਗ ਰੋਕ ਰਹੇ ਹਨ, ਉਨ੍ਹਾਂ ਦੇ ਕਤਲ ਹੋ ਰਹੇ ਹਨ ਜਦਕਿ ਮਾਈਨਿੰਗ ਕਰਨ ਵਾਲਿਆਂ ਨੂੰ ਮੌਜਾ ਲੱਗੀਆਂ ਹੋਈਆਂ ਹਨ।