ਫਾਜ਼ਿਲਕਾ: ਜ਼ਿਲ੍ਹੇ ਦੀ ਅਨਾਜ ਮੰਡੀ 'ਚ ਕਣਕ ਦੀ ਲਿਫਟਿੰਗ ਨਾ ਹੋਣ ਦੇ ਚਲਦੇ ਆੜਤੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਪੈਂਣ ਤੇ ਸਹੀ ਢੰਗ ਨਾਲ ਸਾਂਭ ਸੰਭਾਲ ਨਾ ਹੋ ਸਕਣ ਦੇ ਚਲਦੇ ਵੱਡੀ ਮਾਤਰਾ 'ਚ ਕਣਕ ਗਲਣ 'ਤੇ ਸੜਨ ਲੱਗ ਪਈ ਹੈ।
ਮੰਡੀ ਪ੍ਰਬੰਧਕਾਂ ਵੱਲੋਂ ਕਣਕ ਦੀ ਲਿਫਟਿੰਗ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਜਾਣ ਨੂੰ ਲੈ ਕੇ ਆੜਤੀਆਂ 'ਚ ਭਾਰੀ ਰੋਸ ਹੈ। ਇਸ ਬਾਰੇ ਦੱਸਦੇ ਹੋਏ ਫਾਜ਼ਿਲਕਾ ਆੜਤੀ ਯੂਨੀਅਨ ਦੇ ਪ੍ਰਧਾਨ ਓਮ ਸੇਤੀਆ ਨੇ ਕਿਹਾ ਕਿ ਜਿੱਥੇ ਇਹ ਅਨਾਜ ਸਟੋਰ ਕੀਤਾ ਜਾਣਾ ਹੈ, ਉਹ ਪਨਗਰੇਨ ਗੁਦਾਮ ਅਜੇ ਤੱਕ ਬਣ ਕੇ ਤਿਆਰ ਨਹੀਂ ਹੋਇਆ ਹੈ, ਜਿਸ ਕਾਰਨ ਲਿਫਟਿੰਗ ਨਹੀਂ ਹੋ ਪਾ ਰਹੀ।
ਅਸੀਂ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਕੋਲੋਂ ਜਲਦ ਤੋਂ ਜਲਦ ਲਿਫਟਿੰਗ ਦਾ ਕੰਮ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਨਾਜ ਖ਼ਰਾਬ ਹੁੰਦਾ ਹੈ ਤਾਂ ਇਹ ਕੀਮਤ ਆੜਤੀਆਂ ਤੋਂ ਵਸੂਲੀ ਜਾਂਦੀ ਹੈ। ਜਦਕਿ ਪਿਛਲੇ ਡੇਢ ਮਹੀਨੇ ਤੋਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਲਿਫਟਿੰਗ ਨਹੀਂ ਕਰਵਾਈ ਜਾ ਰਹੀ ਹੈ।
ਉਥੇ ਹੀ ਮੰਡੀਆਂ ਵਿੱਚ ਲਿਫਟਿੰਗ ਕਰਨ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਲਿਫਟਿੰਗ ਨਾ ਹੋਣ ਦੇ ਚਲਦੇ ਉਹ ਵੀ ਬੇਰੋਜਗਾਰ ਹੋ ਗਏ ਹਨ। ਹੁਣ ਲੌਕਡਾਊਨ ਖ਼ਤਮ ਹੋਣ ਦੇ ਬਾਅਦ ਵੀ ਉਨ੍ਹਾਂ ਕੋਲ ਕੰਮ ਨਹੀਂ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਇਸ ਅਨਾਜ ਨੂੰ ਸਟੋਰ ਕਰਣ ਲਈ ਗੁਦਾਮ ਬਣਾਇਆ ਤਿਆਰ ਕੀਤਾ ਗਿਆ ਹੈ, ਗੋਦਾਮ ਤਿਆਰ ਕਰਨ ਵਿੱਚ ਦੇਰੀ ਹੋਣ ਦੇ ਚਲਦੇ ਕਣਕ ਦੀ ਲਿਫਟਿੰਗ ਨਹੀਂ ਹੋ ਪਾ ਰਹੀ ਸੀ। ਉਨ੍ਹਾਂ ਨੇ ਆੜਤੀਆਂ ਨੂੰ ਜਲਦ ਹੀ ਕਣਕ ਦੀ ਲਿਫਟਿੰਗ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ।