ਜਲਾਲਾਬਾਦ: ਸਿਟੀ ਥਾਣੇ ਨੇੜੇ ਇੱਕ ਪਲਾਟ ਦੇ ਝਗੜੇ ਨੂੰ ਲੈ ਕੇ ਦੋ ਪਾਰਟੀਆਂ ਵਿੱਚ ਗੋਲੀ ਚੱਲ ਗਈ, ਜਿਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਜ਼ੇਰੇ ਇਲਾਜ ਤਲਵਿੰਦਰ ਹਾਂਡਾ ਨੇ ਦੱਸਿਆ ਕਿ ਉਸਨੇ 8 ਸਾਲ ਪਹਿਲਾਂ ਥਾਣਾ ਸਿਟੀ ਨਜ਼ਦੀਕ ਕੇਂਦਰ ਸਰਕਾਰ ਦੀ ਥਾਂ 'ਤੇ ਇੱਕ ਕਬਜ਼ੇ ਵਾਲਾ ਪਲਾਟ ਕਿਸੇ ਤੋਂ ਖਰੀਦਿਆ ਸੀ। ਉਹ ਅਤੇ ਉਸਦਾ ਭਰਾ ਹੁਣ ਇਥੇ ਆਪਣੀ ਰਿਹਾਇਸ਼ ਲਈ ਮਕਾਨ ਬਣਾਉਣ ਜਾ ਰਹੇ ਸਨ, ਪਰੰਤੂ ਦੂਜੀ ਧਿਰ ਦੇ 6 ਤੋਂ 7 ਲੋਕਾਂ ਨੇ ਆ ਕੇ ਅਚਾਨਕ ਹਵਾਈ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਇੱਕ ਸਿੱਧਾ ਫ਼ਾਇਰ ਉਸਦੇ ਭਰਾ ਜੋਗਿੰਦਰਪਾਲ ਵੱਲ ਕਰ ਦਿੱਤਾ, ਜੋ ਉਸਦੇ ਕੰਨ ਦੇ ਪਿੱਛੇ ਅਤੇ ਬਾਂਹ ਉਤੇ ਛੱਰੇ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਤਲਵਿੰਦਰ ਨੇ ਦੱਸਿਆ ਕਿ ਝਗੜੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹੈ।
ਮਾਮਲੇ ਸਬੰਧੀ ਥਾਣਾ ਸਿਟੀ ਦੇ ਐਸਐਚਓ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਨੂੰ ਥਾਣੇ ਨਜ਼ਦੀਕ ਝਗੜਾ ਹੋਣ ਬਾਰੇ ਪਤਾ ਚੱਲਿਆ ਸੀ, ਜਿਸ 'ਤੇ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਤਫ਼ਤੀਸ਼ ਕੀਤੀ।
ਉਨ੍ਹਾਂ ਦੱਸਿਆ ਕਿ ਦੋ ਪਾਰਟੀਆਂ ਤਲਵਿੰਦਰ ਸਿੰਘ ਹਾਂਡਾ ਅਤੇ ਕਸ਼ਮੀਰ ਸਿੰਘ ਵਿਚਕਾਰ ਪਲਾਟ ਦਾ ਝਗੜਾ ਹੋਇਆ ਹੈ। ਉਨ੍ਹਾਂ ਕਿਹਾ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ।