ਫ਼ਾਜ਼ਿਲਕਾ : ਪੰਜਾਬ ਵਿੱਚ ਝੋਨੇ ਦਾ ਸੀਜ਼ਨ ਜਾਰੀ ਹੈ। ਇਸ ਮੌਕੇ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੀ ਬੂੰਦ-ਬੂੰਦ ਦੀ ਜ਼ਰੂਰਤ ਹੈ। ਝੋਨੇ ਦੇ ਸੀਜ਼ਨ ਦੌਰਾਨ ਕਿਸਾਨ ਨੂੰ ਜਿਨਾਂ ਵੀ ਪਾਣੀ ਮਿਲੇ ਓਨ੍ਹਾਂ ਹੀ ਥੋੜਾ ਹੈ। ਇਸੇ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਫ਼ਾਜ਼ਿਲਕਾ ਇਲਾਕੇ ਵਿੱਚ ਚੱਲ ਰਹੀਆ ਨਹਿਰਾਂ ਅਤੇ ਸੇਮ-ਨਾਲਿਆਂ ਦਾ ਦੌਰਾ ਕੀਤਾ।
ਖਹਿਰਾ ਨੇ ਪਾਕਿਸਤਾਨ ਅਤੇ ਰਾਜਸਥਾਨ ਨੂੰ ਜਾ ਰਹੇ ਪਾਣੀ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਜ਼ਮੀਨੀ ਹਕੀਕਤ ਬਾਰੇ ਕੁੱਝ ਵੀ ਨਹੀਂ ਪਤਾ। ਕੈਪਟਨ ਸਰਕਾਰ ਤਾਂ ਬਸ ਟਵੀਟਾਂ ਤੱਕ ਹੀ ਸੀਮਿਤ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਚੱਲ ਰਹੀ ਨਹਿਰ ਬੰਦੀ ਕਾਰਨ ਪ੍ਰੇਸ਼ਾਨ ਹੈ, ਪਰ ਪੰਜਾਬ ਸਰਕਾਰ ਸੂਬੇ ਦੀਆਂ ਨਹਿਰਾਂ ਦੇ ਪਾਣੀ ਨੂੰ ਫ਼ਾਲਤੂ ਕਹਿ ਕੇ ਸੇਮ ਨਾਲਿਆਂ ਅਤੇ ਪਾਕਿਸਤਾਨ ਨੂੰ ਭੇਜ ਰਹੀ ਹੈ। ਜਦਕਿ ਇਹ ਸਮਾਂ ਸੂਬੇ ਵਿੱਚ ਝੋਨਾ ਲਾਉਣ ਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ ਕਰਿਆਨੇ ਦੀ ਦੁਕਾਨ 'ਤੇ ਲੱਗੀ ਅੱਗ
ਇਸ ਮੌਕੇ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਦੱਸਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਨਹਿਰ ਬੰਦੀ ਚੱਲ ਰਹੀ ਹੈ, ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਗੰਗ ਕੈਨਾਲ ਤੋਂ ਪਾਣੀ ਪਾਕਿਸਤਾਨ ਅਤੇ ਰਾਜਸਥਾਨ ਨੂੰ ਭੇਜਿਆ ਜਾ ਰਿਹਾ ਹੈ, ਪਰ ਇਹ ਪਾਣੀ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਨੂੰ ਟੈਂਕਰ ਭਰ ਕੇ ਘਰਾਂ ਨੂੰ ਲਿਜਾਣੇ ਪੈ ਰਹੇ ਹਨ। ਕਿਸਾਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸ਼ੁੱਕਰਵਾਰ ਨੂੰ ਉਹ ਸਿੰਚਾਈ ਵਿਭਾਗ ਦੇ ਐਕਸੀਐੱਨ ਵਿਰੁੱਧ ਧਰਨਾ ਦੇਣਗੇ।
ਉੱਥੇ ਹੀ ਫ਼ਾਜਿਲਕਾ ਸ਼ੂਗਰ ਮਿਲ ਬਾਰੇ ਦੱਸਦੇ ਹੋਏ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ 2016 ਤੋਂ ਲੈ ਕੇ ਹੁਣ ਤੱਕ ਦਾ ਲੱਖਾਂ ਰੁਪਏ ਦਾ ਬਕਾਇਆ ਬਾਕੀ ਹੈ ਪਰ ਸਰਕਾਰ ਗੰਨਾ ਉਤਪਾਦਕ ਕਿਸਾਨਾਂ ਨੂੰ ਉਨ੍ਹਾਂ ਦੀ ਬਣਦੀ ਰਕਮ ਨਹੀਂ ਦੇ ਰਹੀ ਜਿਸ ਨਾਲ ਕਿਸਾਨਾਂ ਨੂੰ ਆਰਥਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।