ਫਾਜ਼ਲਿਕਾ: ਅਬੋਹਰ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਇੱਕ ਸਰਕਾਰੀ ਬਿਲਡਿੰਗ ਨੂੰ ਦੇਹ ਵਪਾਰ ਦੇ ਅੱਡੇ ਵਜੋਂ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਕੌਂਸਲ ਦੀ ਇਸ ਬਿਲਡਿੰਗ ਨੂੰ ਪੈਲੇਸ ਦਾ ਰੂਪ ਦੇ ਕੇ ਇਸ ਨੂੰ ਠੇਕੇ 'ਤੇ ਦਿੱਤਾ ਗਿਆ ਹੈ। ਸ਼ਨਿੱਚਰਵਾਰ ਨੂੰ ਪੁਲਿਸ ਦੀ ਹੋਈ ਰੇਡ ਦੌਰਾਨ ਇਸ ਬਿਲਡਿੰਗ, ਜਿਸ ਨੂੰ ਅਬੋਹਰ ਪੈਲਸ ਦੇ ਨਾਂਅ ਵਜੋਂ ਜਾਣਿਆ ਜਾਂਦਾ ਹੈ ਦੇ ਉਪਰ ਵਾਲੇ ਹਿੱਸੇ 'ਚ ਬਣੇ ਕਮਰਿਆਂ ਵਿੱਚੋਂ 1 ਲੜਕੀ ਤੇ ਇੱਕ ਔਰਤ ਸਣੇ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਜਾਣਕਾਰੀ ਮੁਤਾਬਿਕ ਅਬੋਹਰ ਦੇ ਭਗਤ ਸਿੰਘ ਚੌਂਕ 'ਚ ਸਥਿਤ ਅਬੋਹਰ ਪੈਲਸ ਵਿੱਚ ਪੁਲਿਸ ਵੱਲੋਂ ਮਾਰੀ ਗਈ ਰੇਡ ਦੌਰਾਨ ਇਨ੍ਹਾਂ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਅਪਤੀਜਨਕ ਚੀਜ਼ਾਂ ਵੀ ਬਰਾਮਦ ਹੋਈਆਂ ਹਨ। ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ ਲੈ ਕੇ ਇਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਪੈਲਸ 'ਚ ਦੇਹ ਵਪਾਰ ਦਾ ਕਾਰੋਬਾਰ ਚਲ ਰਿਹਾ ਸੀ ਅਤੇ ਮੁਖਬਰ ਨੇ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਕਾਰਵਾਈ ਅਮਲ 'ਚ ਲਿਆਂਦੀ। ਪੁਲਿਸ ਅਨੁਸਾਰ ਅਬੋਹਰ ਪੈਲਸ ਦਾ ਠੇਕੇਦਾਰ ਪ੍ਰਦੀਪ ਖੁਰਾਣਾ ਉਰਫ ਹੈਪੀ ਅਤੇ ਪੈਲਸ ਦਾ ਮੈਨੇਜਰ ਰਾਮਾ ਬਾਹਰੋਂ ਆਉਣ ਵਾਲੀਆਂ ਜਨਾਨੀਆਂ ਅਤੇ ਇਨ੍ਹਾਂ ਨਾਲ ਆਉਣ ਵਾਲੇ ਬੰਦਿਆ ਤੋਂ ਪੈਸੇ ਲੈਂਦੇ ਸਨ । ਇਸ ਮਾਮਲੇ ਵਿੱਚ ਪੁਲੀਸ ਨੇ ਇਸ ਪੈਲਸ ਦੇ ਠੇਕੇਦਾਰ ਤੇ ਅਬੋਹਰ ਵਾਸੀ ਪ੍ਰਦੀਪ ਖੁਰਾਣਾ ਉਰਫ ਹੈਪੀ , ਮੈਨੇਜਰ ਅਬੋਹਰ ਪੈਲਸ ਰਾਜਿੰਦਰ ਕੁਮਾਰ ਉਰਫ ਰਾਮਾ ਵਾਸੀ ਸੁਖੇਰਾ ਬਸਤੀ ਗਲੀ ਨੰਬਰ 12 ਅਬੋਹਰ , ਕੁਲਦੀਪ ਸਿੰਘ ਵਾਸੀ ਸਿਵਲ ਲਾਈਨ ਫ਼ਾਜ਼ਿਲਕਾ , ਸ਼ਸ਼ੀ ਕੁਮਾਰ ਭਾਂਬੂ ਵਾਸੀ ਬੋਦੀਵਾਲਾ ਪਿੱਥਾ ,ਸਾਹਿਬ ਰਾਮ ਵਾਸੀ ਖੁਈ ਖੇੜਾ ,ਸਿਮਰਨ ਕੌਰ ਉਰਫ ਪਿੰਕੀ ਅਤੇ ਪਰਵਿੰਦਰ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ ।
ਥਾਣਾ ਸਿਟੀ 1 ਦੇ ਐਸਐਚਓ ਅੰਗਰੇਜ ਕੁਮਾਰ ਨੇ ਦੱਸਿਆ ਕਿ ਪੈਲਸ ਵਿੱਚ ਦੇਹ ਵਪਾਰ ਦਾ ਧੰਦਾ ਚਲਦਾ ਸੀ ਤੇ ਪੁਲਿਸ ਨੇ ਮੁਖਬਰ ਦੀ ਸੂਚਨਾ 'ਤੇ ਕਾਰਵਾਈ ਕੀਤੀ ਅਤੇ 2 ਔਰਤਾਂ ਸਣੇ 6 ਵਿਅਕਤੀਆਂ ਨੂੰ ਕਾਬੂ ਕਰਕੇ 7 ਜਣਿਆ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ।