ਫ਼ਾਜ਼ਿਲਕਾ: ਸਦਰ ਥਾਣੇ ਦੇ ਅਧੀਨ ਆਉਂਦੇ ਪਿੰਡ ਫ਼ਤਿਹਗੜ੍ਹ ਵਿੱਚ ਇੱਕ ਇੱਟਾਂ ਵਾਲੇ ਭੱਠੇ ਉੱਤੇ ਕੰਮ ਕਰਣ ਵਾਲੇ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਰਾਤ ਨੂੰ ਜਦੋਂ ਉਹ ਸੌਂ ਰਿਹਾ ਸੀ, ਉਸ ਸਮੇਂ ਉਸ ਦਾ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਦੇ ਮਾਮੇ ਮਨੋਜ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਭਾਣਜਾ ਰਾਤ ਦੇ ਸਮੇਂ ਸੌਂ ਰਿਹਾ ਸੀ ਤਾਂ ਅਚਾਨਕ ਉਸ ਦੇ ਚੀਖਣ ਦੀ ਆਵਾਜ਼ ਆਈ। ਉਹ ਭੱਜ ਕੇ ਉਸ ਦੇ ਕੋਲ ਗਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਕੋਈ ਆਦਮੀ ਉਸ ਦੇ ਸਿਰ ਉੱਥੇ ਵਾਰ ਕਰ ਕੇ ਭੱਜ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮਾਮੇ ਦਾ ਕਹਿਣਾ ਹੈ ਕਿ ਉਸ ਸਮੇਂ ਸਿਰ ਉੱਤੇ ਵਾਰ ਕਰਨ ਵਾਲੇ ਦਾ ਤਾਂ ਪਤਾ ਨਹੀਂ ਲੱਗਿਆ।
ਉੱਥੇ ਹੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਪੁਸ਼ਪੇਂਦਰ ਜਿਸ ਦੀ ਉਮਰ 20 ਸਾਲ ਸੀ ਪਿਛਲੇ 6 ਮਹੀਨਿਆਂ ਤੋਂ ਇਸ ਪਿੰਡ ਵਿੱਚ ਇੱਟਾਂ ਦੇ ਭੱਠੇ ਉੱਤੇ ਮਜਦੂਰੀ ਦਾ ਕੰਮ ਕਰਦਾ ਸੀ। ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਤਾ ਨਹੀਂ ਕਿਸ ਨੇ ਉਸ ਦਾ ਕਤਲ ਕਿਉਂ ਕੀਤਾ ਹੈ ।
ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਫ਼ਾਜ਼ਿਲਕਾ ਸਬ-ਡਵਿਜ਼ਨ ਦੇ ਡੀ.ਐੱਸ.ਪੀ ਲਖਬੀਰ ਸਿੰਘ ਨੇ ਦੱਸਿਆ ਕਿ ਪੁਸ਼ਪੇਂਦਰ ਨਾਂਅ ਦਾ ਪ੍ਰਵਾਸੀ ਮਜ਼ਦੂਰ ਪਿਛਲੇ 6 ਮਹੀਨੇਆ ਤੋਂ ਇੱਟ ਭੱਠੇ ਉੱਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਜਿਸ ਦਾ ਰਾਤ ਨੂੰ ਸੌਂਦੇ ਹੋਏ ਕਿਸੇ ਨੇ ਸਿਰ ਵਿੱਚ ਸੱਟ ਮਾਰ ਕੇ ਕਤਲ ਕਰ ਦਿੱਤਾ। ਇਹ ਪ੍ਰਵਾਸੀ ਮਜ਼ਦੂਰ ਰਾਇਬਰੇਲੀ ਦਾ ਰਹਿਣ ਵਾਲਾ ਸੀ, ਇਸ ਦੇ ਕਤਲ ਦੇ ਸਾਨੂੰ ਕੁੱਝ ਨਿਸ਼ਾਨ ਮਿਲੇ ਹਨ ਅਤੇ ਅਸੀ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ ਅਤੇ ਹੁਣ ਅਸੀਂ ਅਧੀਨ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।