ਫਾਜ਼ਿਲਕਾ: ਜਲਾਲਾਬਾਦ ਦੇ ਸ੍ਰੀ ਮੁਕਤਸਰ ਸਾਹਿਬ ਸਰਕੁਲਰ ਰੋਡ ’ਤੇ ਕਾਰ ਸਵਾਰ ਨਕਾਬਪੋਸ਼ ਵਿਅਕਤੀਆਂ ਵਲੋਂ ਮੱਝਾਂ ਦੇ ਵਪਾਰੀ ਨੂੰ ਦਿਨ ਦਿਹਾੜੇ ਅਗਵਾ ਕਰਕੇ ਉਸ ਤੋਂ ਹਥਿਆਰਾਂ ਦੀ ਨੋਕ ’ਤੇ 3 ਲੱਖ 68 ਹਜਾਰ ਰੁਪਏ ਦੀ ਨਕਦੀ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਤੋਂ ਬਾਅਦ ਉਸ ਦੀ ਕੁੱਟਮਾਰ ਕਰਕੇ ਪਿੰਡ ਸੈਦੋਕੇ ਨਹਿਰ ਦੇ ਪੁੱਲ ’ਤੇ ਸੁੱਟ ਕੇ ਫਰਾਰ ਹੋ ਗਏ। ਇਹ ਜਾਣਕਾਰੀ ਮੱਝਾਂ ਦੇ ਵਪਾਰੀ ਅਭੀਰਾਰ ਭੂਰਾ ਨੇ ਮੀਡੀਆ ਨਾਲ ਸਾਂਝੀ ਕੀਤੀ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਮੱਝਾਂ ਦੇ ਵਪਾਰੀ ਨੇ ਲੁੱਟਖੋਹ ਹੋਣ ਸਬੰਧੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਜਗ੍ਹਾ ’ਤੇ ਪੁੱਜ ਕੇ ਜਾਂਚ ਟੀਮ ਵਲੋਂ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਤੇ ਇਸ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਇਹ ਘਟਨਾ ਸਵੇਰ ਦੇ ਤਕਰੀਬਨ 9.50 ਦੇ ਕਰੀਬ ਵਾਪਰੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਲੁੱਟ ਦੀ ਘਟਨਾ ਨੂੰ ਕਿੰਨੇ ਦਿਨਾਂ ’ਚ ਸੁਲਝਾ ਪਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।