ਫ਼ਾਜ਼ਿਲਕਾ: ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ’ਚ ਸ਼ਾਮਲ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਵੱਲੋਂ ਟਿਕਰੀ ਬਾਰਡਰ 'ਤੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ ਗਈ। ਅਮਰਜੀਤ ਸਿੰਘ ਰਾਏ ਨੂੰ ਇਲਾਜ ਲਈ ਰੋਹਤਕ ਪੀ.ਜੀ.ਆਈ. ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੀਐਮ ਮੋਦੀ ਨੂੰ ਲਿਖਿਆ ਸੁਸਾਇਡ ਨੋਟ
ਅਮਰਜੀਤ ਸਿੰਘ ਨੇ ਇੱਕ ਸੁਸਾਇਡ ਨੋਟ ਵੀ ਲਿਖਿਆ ਹੈ ਜਿਸ ’ਚ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੰਮੇਵਾਰ ਦੱਸਿਆ ਹੈ।
ਮ੍ਰਿਤਕ ਪਿਛਲੇ ਇੱਕ ਹਫਤੇ ਤੋਂ ਧਰਨੇ 'ਚ ਕਰ ਰਿਹਾ ਸੀ ਸ਼ਮੂਲੀਅਤ
ਦੱਸਣਯੋਗ ਹੈ ਕਿ ਅਮਰਜੀਤ ਸਿੰਘ ਰਾਏ ਪਿਛਲੇ ਕਰੀਬ ਇੱਕ ਹਫਤੇ ਤੋਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ’ਚ ਆਪਣੀ ਸ਼ਮੂਲੀਅਤ ਕਰ ਰਿਹਾ ਸੀ ਅਤੇ ਲਗਾਤਾਰ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਸਬੰਧੀ ਦਿੱਤੇ ਜਾ ਰਹੇ ਬਿਆਨਾਂ ਤੋਂ ਹਤਾਸ਼ ਸੀ। ਆਖਿਰਕਾਰ ਉਸ ਨੇ 27 ਦਸੰਬਰ ਤੜਕਸਾਰ ਕਰੀਬ 9 ਵਜੇ ਸੁਸਾਇਡ ਨੋਟ ਲਿਖ ਕੇ ਜ਼ਹਿਰੀਲੀ ਦਵਾਈ ਖਾ ਲਈ। ਹਾਲਤ ਵਿਗੜਦੀ ਦੇਖ ਕਿਸਾਨਾਂ ਵੱਲੋਂ ਉਸ ਨੂੰ ਜਲਦੀ ਹੀ ਰੋਹਤਕ ਪੀ.ਜੀ.ਆਈ. ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਪਾਲ ਕੰਬੋਜ ਨੇ ਕੀਤੀ, ਜੋ ਰੋਹਕਤ ਹਸਪਤਾਲ ’ਚ ਨਾਲ ਸਨ।