ਫਾਜ਼ਿਲਕਾ: ਅਬੋਹਰ ਸੈਕਟਰ ਦੇ ਅਧੀਨ ਆਉਂਦੀ ਬੀਪੀਓ ਗਜਨੀ ਵਾਲਾ ਨੇੜੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਗਸ਼ਤ ਕਰਦੀ ਬੀਐਸਐਫ ਦੇ ਜਵਾਨਾਂ ਦੀ ਟੁਕੜੀ ਨੇ 12 ਸਤੰਬਰ ਨੂੰ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬੀਐੱਸਐੱਫ ਨੇ ਹਥਿਆਰਾਂ ਦੀ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ਾ ਨੂੰ ਨਾਕਾਮ ਕਰ ਦਿੱਤਾ ਹੈ। ਤਲਾਸ਼ੀ ਅਭਿਆਨ ਦੌਰਾਨ ਬੀਐਸਐਫ ਨੇ 3 ਏਕੇ-47, 6 ਮੈਗਜ਼ੀਨ ਅਤੇ 91 ਕਾਰਤੂਸ, 2 ਐਮ-16 ਰਾਈਫਲਾਂ ਅਤੇ ਉਨ੍ਹਾਂ ਦੇ 4 ਮੈਗਜ਼ੀਨ ਅਤੇ 57 ਕਾਰਤੂਸ ਸਮਤੇ 2 ਪਿਸਤੌਲ ਉਨ੍ਹਾਂ ਦੇ 4 ਮੈਗਜ਼ੀਨਾਂ ਅਤੇ 20 ਕਾਰਤੂਸ ਬਰਾਮਦ ਕੀਤੇ ਹਨ। ਬੀਐਸਐਫ ਆਲੇ ਦੁਆਲੇ ਦੇ ਖੇਤਰ ਦੀ ਤਲਾਸ਼ੀ 'ਚ ਲੱਗੀ ਹੋਈ ਹੈ, ਤਾਂ ਜੋ ਤਸਕਰਾਂ ਦਾ ਸੁਰਾਗ ਮਿਲ ਸਕੇ।
ਸਰਹੱਦ ਪਾਰੋਂ ਆਈ ਇਹ ਹਥਿਆਰਾਂ ਦੀ ਵੱਡੀ ਖੇਪ ਇੱਕ ਪਸ਼ੂ ਫੀਡ ਦੇ ਤੋੜੇ ਵਿੱਚ ਸੀ। ਇਸ ਤੋੜੇ 'ਤੇ ਉਰਦੂ ਭਾਸ਼ਾ ਵਿੱਚ ਲਿਖਿਆ ਹੋਇਆ ਹੈ। ਇਸ ਤੋੜੇ 'ਤੇ ਪਸ਼ੂ ਫੀਡ ਫੈਕਟਰੀ ਦਾ ਪਤਾ ਮੁਲਤਾਨ ਰੋਡ ਲਾਹੌਰ ਲਿਖਿਆ ਹੋਇਆ ਹੈ। ਹਥਿਆਰ ਤਸਕਰਾਂ ਨੇ ਇਨ੍ਹਾਂ ਹਥਿਆਰਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਪੈਕ ਕੀਤਾ ਹੋਇਆ ਸੀ।
ਬੀਐੱਸਐੱਫ ਅਬੋਹਰ ਸੈਕਟਰ ਦੇ ਡੀਆਈਜੀ ਯਸ਼ਵੰਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਬੀਐੱਸਐੱਫ ਦੀ ਟੁਕੜੀ ਨੂੰ ਬੀਪੀਓ ਗਜਨੀ ਵਾਲਾ ਨੇੜੇ ਤਾਰਬੰਦੀ ਵਿੱਚ ਕੁਝ ਹਲਚਲ ਵਿਖਾਈ ਦਿੱਤੀ। ਇਸ 'ਤੇ ਫੌਰੀ ਕਾਰਵਾਈ ਕਰਦੇ ਹੋਏ ਜਵਾਨਾਂ ਨੇ ਖੋਜ ਅਭਿਆਨ ਚਲਾਇਆ। ਇਸ ਖੋਜ ਅਭਿਆਨ ਵਿੱਚ ਬੀਐੱਸਐੱਫ ਨੂੰ ਇਹ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਪੁਲਿਸ ਕੋਲ ਕੇਸ ਦਰਜ ਕਰਵਾਇਆ ਗਿਆ ਹੈ ਅਤੇ ਪੁਲਿਸ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰੇਗੀ।