ਜਲਾਲਾਬਾਦ: ਕਾਂਗਰਸ ਦੇ ਮੌਜਦਾ ਵਿਧਾਇਕ ਰਮਿੰਦਰ ਆਵਲਾ ਦੇ ਗਨਮੈਨ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਰਮਿੰਦਰ ਆਵਲਾ ਦੇ ਗਨਮੈਨ ਨੂੰ ਕੁੱਝ ਨਸ਼ਾ ਤਸਕਰਾਂ ਵੱਲੋਂ ਸੋਮਵਾਰ ਦੁਪਹਿਰ ਮੁਖਬਰੀ ਕਰਨ ਦੇ ਸ਼ੱਕ 'ਚ ਗੋਲੀ ਮਾਰੀ ਗਈ ਹੈ।
ਗਨਮੈਨ ਅਮਨਦੀਪ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਗੁਰੂ ਹਰਸਹਾਏ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਲੈ ਜਾਇਆ ਗਿਆ ਹੈ। ਪੁਲਿਸ ਨੇ 307 ਦਾ ਮਾਮਲਾ ਦਰਜ ਕਰ ਆਪਣੀ ਜਾਂਚ ਸ਼ੁਰੂ ਕਰ ਦਿਤੀ ਹੈ।
ਪੀੜਤ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਨੇ ਦੱਸਿਆ ਕਿ ਕੀ ਸੋਮਵਾਰ ਦੁਪਹਿਰ ਜਦੋਂ ਉਹ ਵਿਧਾਇਕ ਦੀ ਸਥਾਨਕ ਰਿਹਾਇਸ਼ ਤੋਂ ਰੋਟੀ ਖਾਣ ਲਈ ਘਰ ਜਾ ਰਿਹਾ ਸੀ ਕਿ ਰਾਹ 'ਚ ਬੈਠੇ ਕੁਝ ਨੌਜਵਾਨਾਂ ਨੇ ਪੁਲਿਸ ਦੀ ਵਰਦੀ 'ਚ ਉਸ ਨੂੰ ਵੇਖ ਕੇ ਉਸ 'ਤੇ ਮੁਖਬਰੀ ਕਰਨ ਦਾ ਸ਼ੱਕ ਜ਼ਾਹਿਰ ਕੀਤਾ। ਇਸੇ ਦੌਰਾਨ ਉਨ੍ਹਾਂ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਸਿਰ 'ਚ ਡਾਂਗ ਮਾਰੀ ਤੇ ਉਸ ਦਾ ਰਿਵਾਲਵਰ ਖੋਹ ਕੇ ਉਸ 'ਤੇ ਗੋਲੀ ਚਲਾ ਦਿੱਤੀ ਜੋ ਉਸ ਦੇ ਹੱਥ ਨੂੰ ਛੂਹ ਕੇ ਲੰਘ ਗਈ।
ਮੌਕੇ 'ਤੇ ਪਹੁੰਚੇ ਡੀਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਪੁਲਿਸ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ 'ਤੇ 2 ਹਰਮੀਤ ਸਿੰਘ ਤੇ ਨਵਦੀਪ ਸਿੰਘ ਨਾਂਅ ਦੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਿਥੇ ਪੂਰੇ ਪੰਜਾਬ 'ਚ ਕੋਰੋਨਾ ਵਾਇਰਸ ਦੇ ਚਲਦੇ ਕਰਫਿਊ ਲੱਗਾ ਹੋਇਆ ਹੈ। ਉਥੇ ਕੁੱਝ ਗ਼ੈਰ ਸਮਾਜੀ ਅਨਸਰ ਨਾ ਸਿਰਫ ਸ਼ਰੇਆਮ ਸੜਕਾਂ 'ਤੇ ਨਜ਼ਰ ਆ ਰਹੇ ਹਨ, ਸਗੋਂ ਬੇਖ਼ੌਫ ਹੋ ਕੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਤੋਂ ਵੀ ਪਿੱਛੇ ਨਹੀਂ ਹੱਟ ਰਹੇ।