ਫ਼ਾਜ਼ਿਲਕਾ: ਜਲਾਲਾਬਾਦ ਦੇ ਮਾਹਮੂ ਜੋਈਆਂ ਟੋਲ ਪਲਾਜ਼ਾ 'ਤੇ ਸੰਘਰਸ਼ ਕਰ ਰਹੇ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮ੍ਰਿਤਕ ਕਿਸਾਨ ਦਾ ਨਾਂਅ ਸਰੈਣ ਚੰਦ ਹੈ। ਉਨ੍ਹਾਂ ਦੀ ਉਮਰ 75 ਸਾਲ ਸੀ। ਦੱਸ ਦੇਈਏ ਕਿ ਫ਼ਾਜ਼ਿਲਕਾ ਵਿੱਚ ਸੰਘਰਸ਼ ਦੌਰਾਨ ਹੁਣ ਤੱਕ 3 ਕਿਸਾਨ ਦੀ ਮੌਤ ਹੋ ਚੁੱਕੀ ਹੈ।
ਬੀਕੇਯੂ ਦੇ ਪ੍ਰਧਾਨ ਜੋਗਾ ਸਿੰਘ ਨੇ ਦੱਸਿਆ ਕਿ ਸਰੈਣ ਚੰਦ ਇੱਕ ਛੋਟਾ ਕਿਸਾਨ ਸੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਸਰੈਣ ਚੰਦ ਆਪਣੇ ਕਿਸਾਨ ਸਾਥੀਆਂ ਦੀ ਸੇਵਾ ਵਿੱਚ ਲੰਗਰ ਪਾਣੀ ਦਾ ਇੰਤਜ਼ਾਮ ਕਰਦਾ ਸੀ। ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਅਚਾਨਕ ਸਰੈਣ ਚੰਦ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਡਾਕਟਰੀ ਸਹਾਇਤਾ ਲਈ ਜਲਾਲਾਬਾਦ ਲਿਜਾਇਆ ਗਿਆ ਪਰ ਰਸਤੇ ਵਿੱਚ ਉਸ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਹੁਣ ਤੱਕ ਮਾਹਮੂ ਜੋਈਆ ਟੋਲ ਪਲਾਜ਼ਾ 'ਤੇ ਤੀਜੇ ਕਿਸਾਨ ਦੀ ਮੌਤ ਹੋਈ ਹੈ। ਇਸ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ ਕਿ ਇੱਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਦੂਸਰੇ ਪਾਸੇ ਪਿਛਲੇ ਦਿਨੀਂ ਇਸੇ ਟੋਲ ਪਲਾਜ਼ਾ 'ਤੇ ਫੌਤ ਹੋਏ ਕਿਸਾਨ ਕਸ਼ਮੀਰ ਲਾਲ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਵੀ ਮੁਆਵਜ਼ਾ ਜਾਂ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਕਸ਼ਮੀਰ ਲਾਲ ਅਤੇ ਸਰੈਣ ਚੰਦ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ।