ਫਾਜ਼ਿਲਕਾ: ਇੱਥੋਂ ਦੇ ਅਬੋਹਰ ਸ਼ਹਿਰ ਜੋ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਜੱਦੀ ਸ਼ਹਿਰ ਹੈ ਜਿਸ ਵਿੱਚ ਸ਼ਹਿਰ ਦੀਆਂ ਗਲੀਆਂ ਨਾਲੀਆਂ ਦੀ ਸਾਫ਼-ਸਫ਼ਾਈ ਅਤੇ ਖ਼ਸਤਾ ਹਾਲਤ ਸੜਕਾਂ ਅਤੇ ਸੀਵਰੇਜ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਦਾ ਜਿਉਣਾ ਬੇਹਾਲ ਹੋ ਚੁੱਕਿਆ ਹੈ। ਇਸ ਦੇ ਚੱਲਦਿਆਂ ਅਬੋਹਰ ਦੇ ਵਾਰਡ ਨੰਬਰ 1 ਦੇ ਨਿਵਾਸੀਆਂ ਵਿੱਚ ਸਾਫ਼ ਸਫਾਈ ਦੀ ਵਿਵਸਥਾ ਨਾ ਹੋਣ ਕਾਰਨ ਰੋਸ ਦਾ ਮਾਹੌਲ ਹੈ।
ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਗਲੀਆਂ-ਨਾਲੀਆਂ ਦੀ ਸਾਫ਼ ਸਫਾਈ ਨਾ ਹੋਣ ਅਤੇ ਸੀਵਰੇਜ ਦੀ ਸਮੱਸਿਆ ਦੇ ਕਾਰਨ ਹਰ ਸਮੇਂ ਗੰਦਗੀ ਛਾਈ ਰਹਿੰਦੀ ਹੈ ਅਤੇ ਬਾਰਿਸ਼ ਆਉਣ 'ਤੇ ਗਲੀਆਂ ਨਾਲੀਆਂ ਵਿੱਚ ਪਾਣੀ ਭਰ ਜਾਂਦਾ ਹੈ। ਇਹ ਗਲੀਆਂ ਨਾਲੀਆਂ ਛੱਪੜ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਜਿਸ ਨਾਲ ਇੱਥੋਂ ਲੰਘਣਾ ਵੀ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਨੇਤਾ ਲੋਕ ਆਉਂਦੇ ਹਨ ਵੋਟ ਮੰਗ ਕੇ ਚਲੇ ਜਾਂਦੇ ਹਨ ਪਰ ਜਿੱਤਣ ਤੋਂ ਬਾਅਦ ਦਿਖਾਈ ਤੱਕ ਨਹੀਂ ਦਿੰਦੇ। ਉਨ੍ਹਾਂ ਦੇ ਹਲਕੇ ਦੇ ਮੌਜੂਦਾ ਐਮਪੀ ਸ਼ੇਰ ਸਿੰਘ ਘੁਬਾਇਆ ਦੀ ਗੱਲ ਕਰਦਿਆਂ ਲੋਕਾਂ ਨੇ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਨੇ ਆਉਣਾ ਤਾਂ ਕੀ ਉਨ੍ਹਾਂ ਦੀ ਪਰਛਾਈ ਤੱਕ ਵੀ ਅਜੇ ਤੱਕ ਇੱਥੇ ਵਿਖਾਈ ਨਹੀਂ ਦਿੱਤੀ।
ਜਦੋਂ ਇਸ ਸਬੰਧੀ ਮੁਹੱਲੇ ਦੇ ਐਮਸੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਕਾਫ਼ੀ ਗੰਦਗੀ ਹੈ ਪਰ ਉਨ੍ਹਾਂ ਵੱਲੋਂ ਇਸਦੇ ਪਿੱਛੇ ਨਗਰ ਪਾਲਿਕਾ ਵਿੱਚ ਸਫ਼ਾਈ ਕਰਮਚਾਰੀ ਨਾ ਹੋਣ ਦਾ ਕਾਰਨ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮੁਹੱਲੇ ਦੇ ਵਿਕਾਸ ਲਈ ਕਾਫ਼ੀ ਪ੍ਰੋਜੈਕਟ ਮਨਜ਼ੂਰ ਕਰਵਾਏ ਹਨ ਪਰ ਰਾਜਨੀਤਿਕ ਰੰਜਸ਼ ਕਾਰਨ ਇੱਥੇ ਕੋਈ ਕੰਮ ਨਹੀਂ ਕਰਵਾਇਆ ਜਾ ਰਿਹਾ।