ਫ਼ਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਸਲੇਮ ਸ਼ਾਹ ਨਹਿਰ ਵਿੱਚ ਦਰਾੜ ਪੈਣ ਨਾਲ 100 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬਣ ਨਾਲ ਬਰਬਾਦ ਹੋ ਗਈ। ਨਹਿਰੀ ਵਿਭਾਗ ਵੀ ਅਜੇ ਤੱਕ ਇਸ ਵਿੱਚ ਬੰਨ੍ਹ ਲਾਉਣ 'ਚ ਸਫ਼ਲ ਨਹੀਂ ਹੋ ਸਕਿਆ ਹੈ।
ਕਿਸਾਨਾਂ ਨੇ ਦੱਸਿਆ ਕਿ ਦੇਰ ਰਾਤ ਇਸ ਨਹਿਰ ਵਿੱਚ ਕਰੀਬ 50 ਫੁੱਟ ਦੀ ਦਰਾੜ ਆਈ ਸੀ ਜਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਨਹਿਰੀ ਵਿਭਾਗ ਨੇ ਸਿਰਫ਼ ਬੇਲਦਾਰਾਂ ਨੂੰ ਇੱਥੇ ਭੇਜਿਆ ਹੈ ਅਤੇ ਕੋਈ ਅਧਿਕਾਰੀ ਮੌਕੇ ਉੱਤੇ ਨਹੀਂ ਆਇਆ।
ਕਿਸਾਨਾਂ ਨੇ ਕਿਹਾ ਕਿ 100 ਏਕੜ ਦੇ ਕਰੀਬ ਫ਼ਸਲ ਪਾਣੀ ਨਾਲ ਖ਼ਰਾਬ ਹੋ ਗਈ ਹੈ। ਇਸ ਵਾਰ ਕਿਸਾਨਾਂ ਨੇ ਡਰਿੱਲ ਸਿਸਟਮ ਨਾਲ ਝੋਨਾਂ ਲਗਾਇਆ ਸੀ ਜਿਸ ਵਿੱਚ ਕਰੀਬ 50 ਏਕੜ ਡਰਿੱਲ ਨਾਲ ਬੀਜੀ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ ਅਤੇ ਜੇਕਰ ਦਰਾਰ ਨੂੰ ਬੰਦ ਨਾ ਕੀਤਾ ਗਿਆ ਤਾਂ ਹੋਰ ਵੀ ਨੁਕਸਾਨ ਹੋਣ ਦਾ ਖ਼ਤਰਾ ਹੈ।
ਉੱਥੇ ਹੀ ਮੌਕੇ ਉੱਤੇ ਪੁੱਜੇ ਨਹਿਰੀ ਮਹਿਕਮੇ ਦੇ ਬੇਲਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਦੱਸ ਦਿੱਤਾ ਸੀ ਅਤੇ ਅਸੀਂ ਜੇ ਸੀ ਬੀ ਮਸ਼ੀਨ ਲੈ ਕੇ ਇੱਥੋਂ ਬੰਦ ਕਰਣ ਲਈ ਆਏ ਹਾਂ ਪਰ ਜਦੋਂ ਤੱਕ ਪਿੱਛੇ ਤੋਂ ਪਾਣੀ ਬੰਦ ਨਹੀਂ ਹੋ ਜਾਂਦਾ ਓਦੋਂ ਤੱਕ ਇਸ ਉੱਤੇ ਬੰਨ੍ਹ ਨਹੀਂ ਲਗਾਇਆ ਜਾ ਸਕਦਾ।