ਫਾਜ਼ਿਲਕਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਇੱਕ ਪਾਸੇ ਦਿੱਲੀ 'ਚ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਉਥੇ ਹੀ ਕਿਸਾਨਾਂ ਦੀ ਹਮਾਇਤ 'ਚ ਫਾਜ਼ਿਲਕਾ ਦੇ ਪਿੰਡ ਜੰਡਵਾਲਾ ਹਨੁਮੰਤਾ ਤੋਂ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਲਈ ਪੈਦਲ ਜੱਥਾ ਦਿੱਲੀ ਰਵਾਨਾ ਹੋਇਆ।
ਇਸ ਜੱਥੇ 'ਚ ਵੱਡੀ ਗਿਣਤੀ ਵਿੱਚ ਮਹਿਲਾਵਾਂ, ਬੱਚੇ, ਬਜ਼ੁਰਗ, ਨੌਜਵਾਨ ਤੇ ਕਿਸਾਨ ਸ਼ਾਮਲ ਹਨ। ਇਸ ਜੱਥੇ ਦੀ ਅਗੁਵਾਈ ਸਾਬਕਾ ਫੌਜੀ ਕਰ ਰਹੇ ਹਨ। ਕਿਸਾਨਾਂ ਨੇ ਦਿੱਲੀ ਕੂਚ ਕਰਣ ਤੋਂ ਪਹਿਲਾਂ ਪਿੰਡ 'ਚ ਟਰੈਕਟਰ ਰੈਲੀ ਕੱਢੀ ਗਈ।
ਇਸ ਜੱਥੇ 'ਚ ਸ਼ਾਮਲ ਕਿਸਾਨਾਂ ਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਹਨ। ਇਸ ਲਈ ਉਹ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕੇਂਦਰ ਸਰਕਾਰ 'ਤੇ ਦਬਾਅ ਪਵੇਗਾ ਤੇ ਉਹ ਜਲਦ ਹੀ ਖੇਤੀ ਕਾਨੂੰਨ ਰੱਦ ਕਰ ਦਵੇਗੀ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ। ਕਿਉਂਕਿ ਇਹ ਖੇਤੀ ਕਾਨੂੰਨ ਮਹਿਜ਼ ਕਿਸਾਨ ਮਾਰੂ ਹੀ ਨਹੀਂ ਸਗੋਂ ਲੋਕ ਮਾਰੂ ਸਾਬਿਤ ਹੋਣਗੇ। ਇਨ੍ਹਾਂ ਕਾਨੂੰਨਾਂ ਰਾਹੀਂ ਮਹਿਜ਼ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਹੋਵੇਗਾ ਜਦੋਂ ਕਿ ਆਮ ਲੋਕ ਮਹਿੰਗਾਈ ਹੇਠਾਂ ਆ ਜਾਣਗੇ। ਗਰੀਬ ਤੇ ਮੱਧ ਵਰਗੀ ਲੋਕ ਖਾਣ-ਪੀਣ ਦੀਆਂ ਵਸਤਾਂ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਕੋਲੋਂ ਜਲਦ ਤੋਂ ਜਲਦ ਇਹ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ।