ਫਾਜ਼ਿਲਕਾ: ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਫਾਜ਼ਿਲਕਾ ਤੋਂ ਆਪਣੇ ਦੋਸਤਾਂ ਦੇ ਨਾਲ ਘਰ ਆ ਰਹੇ ਸੀ, ਜਦੋ ਪਿੰਡ ਨਜ਼ਦੀਕ ਹੀ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਦੱਸ ਦਈਏ ਕਿ ਜ਼ਿਲ੍ਹਾ ਯੂਥ ਕਾਂਗਰਸ ਫਾਜ਼ਿਲਕਾ ਦੇ ਪ੍ਰਧਾਨ ਰੂਬੀ ਗਿੱਲ ਪਿੰਡ ਕੰਧ ਵਾਲਾ ਹਾਜ਼ਰ ਖਾਂ ਨੇੜੇ ਪਹੁੰਚੇ ਤਾਂ ਉਨ੍ਹਾਂ ’ਤੇ ਹਮਲਾਵਾਰਾਂ ਨੇ 5 ਤੋਂ 6 ਵਾਰ ਗੋਲੀਆਂ ਚਲਾ ਦਿੱਤੀਆਂ। ਗਣੀਮਤ ਇਹ ਰਹੀ ਕਿ ਇਸ ਵਾਰਦਾਤ ਦੌਰਾਨ ਰੂਬੀ ਗਿੱਲ ਨੂੰ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ ਹੈ। ਪਰ ਇਸ ਵਾਰਦਾਤ ਦੌਰਾਨ ਉਨ੍ਹਾਂ ਦੀ ਗੱਡੀ ਨੂੰ ਕਾਫੀ ਨੁਕਸਾਨ ਹੋਇਆ।
ਇਸ ਭਿਆਨਕ ਵਾਰਦਾਤ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ’ਚ ਸਾਫ ਪਤਾ ਲੱਗ ਰਿਹਾ ਹੈ ਕਿ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਹਮਲਾ ਕੀਤਾ ਗਿਆ ਸੀ। ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ: ਪੰਜਾਬ ‘ਚ ਚੋਰ ਬੇਖੌਫ਼, ਦੇਖੋ ਕਿਸ ਤਰ੍ਹਾਂ ਸ਼ਰ੍ਹੇਆਰ ਚੋਰੀ ਕੀਤਾ ਮੋਟਰਸਾਈਕਲ