ਫਾਜ਼ਿਲਕਾ: ਇਥੇ ਇੱਕ ਮਾਇਨਰ 'ਚ ਦਰਾਰ ਆਉਣ ਕਰਕੇ ਸੈਂਕੜੇ ਏਕੜ ਫ਼ਸਲਾਂ ਤਬਾਹ ਹੋ ਗਈਆਂ। ਇਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ।
ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਆਏ ਮੀਂਹ ਦੇ ਕਾਰਨ ਨਹਿਰ ਵਿੱਚ ਜ਼ਿਆਦਾ ਪਾਣੀ ਆ ਗਿਆ ਅਤੇ ਪੁਲ ਛੋਟਾ ਹੋਣ ਕਾਰਨ ਸਹੀ ਢੰਗ ਨਾਲ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਇਸ ਕਾਰਨ ਨਹਿਰ ਵਿੱਚ ਦਰਾਰ ਆ ਗਈ। ਉਨ੍ਹਾਂ ਨੇ ਦੱਸਿਆ ਕਿ ਨਹਿਰ ਦੇ ਪਾਣੀ ਨਾਲ ਸੈਂਕੜੇ ਏਕੜ ਫ਼ਸਲ ਬਰਬਾਦ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਨਹਿਰੀ ਵਿਭਾਗ ਦਾ ਕੋਈ ਕਰਮਚਾਰੀ ਦਰਾਰ ਨੂੰ ਭਰਨ ਨਹੀਂ ਆਇਆ।
ਨਹਿਰੀ ਵਿਭਾਗ ਦੇ ਐਸ.ਡੀ.ਓ. ਨੇ ਦੱਸਿਆ ਕਿ ਨਹਿਰ ਵਿੱਚ ਕਲਾਲੀ ਅੜ ਗਈ ਸੀ ਜਿਸ ਕਾਰਨ ਪਾਣੀ ਪਿਛੇ ਜ਼ਿਆਦਾ ਹੋ ਗਿਆ ਅਤੇ ਕਿਸਾਨਾਂ ਨੇ ਪਾਣੀ ਚੋਰੀ ਕਰਨ ਲਈ ਪਾਇਪ ਲਾਈ ਹੋਈ ਸੀ ਜਿਸ ਕਾਰਨ ਨਹਿਰ ਵਿੱਚ ਦਰਾਰ ਆ ਗਈ। ਉਨ੍ਹਾਂ ਵੱਲੋਂ ਦਰਾਰ ਨੂੰ ਭਰਨ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਪਾਣੀ ਚੋਰੀ ਕਰਨ ਵਾਲੇ ਕਿਸਾਨਾਂ ਦੇ ਖਿਲਾਫ਼ ਕਾਰਵਾਈ ਕਰੇਗਾ।